ਜਲੰਧਰ : ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਗੌਰਵਮਈ ਵਿਰਾਸਤ ਅਤੇ ਲੋਕ ਸੇਵਾ ਪ੍ਰਤੀ ਜਜ਼ਬੇ ਨੂੰ ਅੱਗੇ ਵਧਾਉਣ ਲਈ ਦਿਨ ਰਾਤ ਕੰਮ ਕਰਨਗੇ। ਉਹਨਾਂ ਨੇ ਇਹ ਸ਼ਬਦ ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਫਿਲੌਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ ਅਤੇ ਗੁਰਪ੍ਰੀਤ ਸਿੰਘ ਜੀਪੀ ਦੇ ਨਾਲ ਆਦਮਪੁਰ ਸ਼ਹਿਰ ਅਤੇ ਡਿੰਗਰੀਆਂ, ਹਰੀਪੁਰ ਅਤੇ ਪੂਰਨਪੁਰ ਪਿੰਡਾਂ ਵਿਖੇ ਵੱਡੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੇ।ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਚੌਧਰੀ ਸੰਤੋਖ ਸਿੰਘ ਸਾਫ਼-ਸੁਥਰੀ ਰਾਜਨੀਤੀ ਕਰਨ ਅਤੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੀ ਵਿਰਾਸਤ ਛੱਡ ਕੇ ਗਏ ਹਨ ਅਤੇ ਉਹ ਇਸ ਵਿਰਾਸਤ ਨੂੰ ਅੱਗੇ ਲਿਜਾਣ ਲਈ ਮਿਹਨਤ ਕਰਨਗੇ। ਉਹਨਾਂ ਨੇ ਕਿਹਾ ਕਿ ਉਹ ਅਜਿਹੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਜਿਸ ਨੇ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੀ ਸੇਵਾ ਕੀਤੀ। ਉਹਨਾਂ ਆਖਿਆ, “ਮੈਂ ਆਪਣਾ ਪੂਰਾ ਜੀਵਨ ਸਿੱਖਿਆ ਦੇ ਲੇਖੇ ਲਾਇਆ ਤੇ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਖ਼ਾਸ ਧਿਆਨ ਦਿੱਤਾ। ਮੇਰੇ ਪਿਤਾ ਅਤੇ ਭਰਾ ਨੇ ਭਾਰਤੀ ਫੌਜ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਮਾਸਟਰ ਗੁਰਬੰਤਾ ਸਿੰਘ ਅਤੇ ਸੰਤੋਖ ਸਿੰਘ ਚੌਧਰੀ ਨੇ ਰਾਜਨੀਤੀ ਰਾਹੀਂ ਲੋਕਾਂ ਦੀ ਸੇਵਾ ਕੀਤੀ। ਹੁਣ ਮੇਰੇ ‘ਤੇ ਜਲੰਧਰ ਹਲਕੇ ਦੇ ਲੋਕਾਂ ਦੀ ਸੇਵਾ ਕਰਕੇ ਚੌਧਰੀ ਸੰਤੋਖ ਸਿੰਘ ਜੀ ਦੀ ਵਿਰਾਸਤ ਨੂੰ ਅੱਗੇ ਲਿਜਾਣ ਦੀ ਜਿੰਮੇਵਾਰੀ ਆ ਗਈ ਹੈ।”ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਕਰਮਜੀਤ ਚੌਧਰੀ ਦੇ ਨਾਮ ਦੇ ਐਲਾਨ ਨਾਲ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਹ ਜ਼ਿਮਨੀ ਚੋਣ ਵਿੱਚ ਸ਼ਾਨਦਾਰ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਅਸੀਂ ਕਰਮਜੀਤ ਕੌਰ ਚੌਧਰੀ ਦੀ ਰਿਕਾਰਡਤੋੜ ਜਿੱਤ ਵਾਸਤੇ ਆਦਮਪੁਰ ਹਲਕੇ ਦੇ ਹਰ ਘਰ ਤੱਕ ਪਹੁੰਚ ਕਰਾਂਗੇ। ਸਾਬਕਾ ਮੰਤਰੀ ਗੁਰਕੀਰਤ ਕੋਟਲੀ ਨੇ ਕਿਹਾ ਕਿ ਚੌਧਰੀ ਪਰਿਵਾਰ ਕਰੀਬ ਇੱਕ ਸਦੀ ਤੋਂ ਜਨਤਕ ਜੀਵਨ ਵਿੱਚ ਰਿਹਾ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਵਿਧਾਨ ਸਭਾ ਵਿੱਚ ਸੇਵਾ ਕਰਨੀ ਕੋਈ ਛੋਟੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰਮਜੀਤ ਚੌਧਰੀ ਦਾ ਵਿੱਦਿਆ ਦੇ ਖੇਤਰ ਵਿੱਚ ਲੰਮਾ ਤੇ ਸ਼ਾਨਦਾਰ ਰਿਕਾਰਡ ਹੈ ਅਤੇ ਉਹ ਜਲੰਧਰ ਹਲਕੇ ਦੇ ਮੁੱਦਿਆਂ ਨੂੰ ਸੰਸਦ ਵਿੱਚ ਉਠਾਉਣ ਲਈ ਸਭ ਤੋਂ ਵਧੀਆ ਉਮੀਦਵਾਰ ਹਨ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਗੁਰਪ੍ਰੀਤ ਸਿੰਘ ਜੀਪੀ ਨੇ ਕਰਮਜੀਤ ਚੌਧਰੀ ਵੱਲੋਂ ਸਮਾਜ ਪ੍ਰਤੀ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਿੰਗ ਵਾਲੇ ਦਿਨ ਵੱਡੀ ਗਿਣਤੀ ਵਿੱਚ ਪਹੁੰਚ ਕੇ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ। ਇਸ ਮੌਕੇ ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਲੰਮੇ ਸਮੇ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ ਅਤੇ ਅਨੇਕਾਂ ਉਤਾਰ ਚੜ੍ਹਾਅ ਆਉਣ ਦੇ ਬਾਵਜੂਦ ਵੀ ਚੌਧਰੀ ਪਰਿਵਾਰ ਨੇ ਪਾਰਟੀ ਨੂੰ ਕਦੇ ਨਹੀਂ ਛੱਡਿਆ। ਇਸ ਮੌਕੇ ਆਦਮਪੁਰ ਬਲਾਕ ਸੰਮਤੀ ਚੇਅਰਪਰਸਨ ਸੱਤਿਆ ਦੇਵੀ, ਆਦਮਪੁਰ ਬਲਾਕ ਪ੍ਰਧਾਨ ਰਣਦੀਪ ਰਾਣਾ, ਭੋਗਪੁਰ ਬਲਾਕ ਪ੍ਰਧਾਨ ਪਰਮਿੰਦਰ ਮੱਲ੍ਹੀ, ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਪਾਲ ਭੌਂਸਲੇ, ਅਲਾਵਲਪੁਰ ਨਗਰ ਕੌਂਸਲ ਸੀਨੀਅਰ ਮੀਤ ਪ੍ਰਧਾਨ ਮੁਕੱਦਰ ਲਾਲ, ਮਲਕੀਤ ਸਿੰਘ ਲਾਲੀ, ਪ੍ਰੇਮ ਕੁਮਾਰ, ਲਖਵਿੰਦਰ ਬੰਗੜ, ਆਸ਼ਾ ਰਾਣੀ, ਪ੍ਰਗਟ ਸਿੰਘ, ਗਰੀਬ ਦਾਸ, ਜਸਵੰਤ ਬੰਸਲ, ਪਰਦੀਪ ਪੂਰਨਪੁਰ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ ਭੁੱਲਰ, ਅਸ਼ਵਨੀ ਕੁਮਾਰ, ਮੋਹਨ ਲਾਲ, ਸੁਖਵਿੰਦਰ ਸੁੱਖਾ, ਜਸਵਿੰਦਰ, ਤਰਸੇਮ ਰਾਮ ਅਤੇ ਰਾਮ ਰਤਨ ਹੋਰਾਂ ਸਮੇਤ ਹਾਜ਼ਰ ਸਨ।