ਜਲੰਧਰ : ਫਿਲੌਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਡੇਰਾ ਸੱਚਖੰਡ ਬੱਲਾਂ ਵਿਖੇ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਲਈ ਉਹੀ ਗ੍ਰਾਂਟ ਮੁੜ ਜਾਰੀ ਕਰ ਰਹੀ ਹੈ, ਜੋ ਪਿਛਲੀ ਕਾਂਗਰਸ ਸਰਕਾਰ ਵੱਲੋਂ ਦਿੱਤੀ ਗਈ ਸੀ ਜਲੰਧਰ ਜ਼ਿਲ੍ਹਾ ਕਾਂਗਰਸ (ਸ਼ਹਿਰੀ) ਪ੍ਰਧਾਨ ਰਜਿੰਦਰ ਬੇਰੀ, ਕਰਤਾਰਪੁਰ ਦੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਨਕੋਦਰ ਹਲਕੇ ਦੇ ਇੰਚਾਰਜ ਡਾ. ਨਵਜੋਤ ਦਹੀਆ ਸਮੇਤ ਪ੍ਰੈੱਸ ਕਲੱਬ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਗ੍ਰਾਂਟ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਅਤੇ ਪੱਤਰ ਵਿਖਾਉਂਦਿਆਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਅਤਿ-ਆਧੁਨਿਕ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਲਈ 50 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਪਹਿਲੀ ਕਿਸ਼ਤ ਵਜੋਂ 25 ਕਰੋੜ ਰੁਪਏ ਵੀ ਜਾਰੀ ਕੀਤੇ ਸਨ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ‘ਆਪ’ ਸਰਕਾਰ ਨੇ ਪਹਿਲਾਂ ਇਸ ਗਰਾਂਟ ਦੀ ਰਿਲੀਜ਼ ਨੂੰ ਰੋਕ ਦਿੱਤਾ ਅਤੇ ਫਿਰ ਝੂਠੀ ਵਾਹ ਵਾਹ ਖੱਟਣ ਵਾਸਤੇ ਉਹੀ ਗਰਾਂਟ ਮੁੜ ਦੇਣ ਦਾ ਨਾਟਕ ਕੀਤਾ ਜਾ ਰਿਹਾ ਹੈ।
ਕਾਂਗਰਸ ਸਰਕਾਰ ਵੱਲੋਂ ਡੇਰਾ ਸੱਚਖੰਡ ਬੱਲਾਂ ਵਾਸਤੇ ਗ੍ਰਾਂਟ ਰਾਸ਼ੀ ਨੂੰ ਮਨਜ਼ੂਰੀ ਦੇਣ ਅਤੇ ਜਾਰੀ ਕਰਨ ਸੰਬੰਧੀ ਕਾਲਕ੍ਰਮ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਚੌਧਰੀ ਨੇ ਦੱਸਿਆ ਕਿ ਗ੍ਰਾਂਟ ਦੇ ਐਲਾਨ ਤੋਂ ਬਾਅਦ ਸਰਕਾਰ ਨੇ 28 ਦਸੰਬਰ, 2021 ਨੂੰ ਸੰਤ ਨਿਰੰਜਨ ਦਾਸ ਜੀ ਮਹਾਰਾਜ ਜੀ ਦੀ ਪ੍ਰਧਾਨਗੀ ਹੇਠ 10 ਮੈਂਬਰੀ ਗੁਰੂ ਰਵਿਦਾਸ ਬਾਣੀ ਅਧਿਅਨ ਕੇਂਦਰ ਕਮੇਟੀ ਦਾ ਗਠਨ ਕੀਤਾ ਸੀ। ਤਿੰਨ ਦਿਨ ਬਾਅਦ, 31 ਦਸੰਬਰ, 2021 ਨੂੰ ਯੋਜਨਾ ਵਿਭਾਗ ਨੇ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ 25 ਕਰੋੜ ਰੁਪਏ ਜਾਰੀ ਕੀਤੇ। ਕਿਉਂਕਿ ਸਿਰਫ਼ ਉਹੀ ਰਜਿਸਟਰਡ ਸੋਸਾਇਟੀਆਂ ਅਤੇ ਚੈਰੀਟੇਬਲ ਟਰੱਸਟ ਜੋ ਘੱਟੋ-ਘੱਟ ਤਿੰਨ ਸਾਲ ਪਹਿਲਾਂ ਰਜਿਸਟਰਡ ਹੋਏ ਸਨ, ਇਸ ਪ੍ਰੋਗਰਾਮ ਅਧੀਨ ਗ੍ਰਾਂਟ ਲਈ ਯੋਗ ਸਨ ਅਤੇ ਵੱਧ ਤੋਂ ਵੱਧ ਗ੍ਰਾਂਟ ਇੱਕ ਵਾਰ ਵਿੱਚ 10 ਲੱਖ ਰੁਪਏ ਦਿੱਤੀ ਜਾ ਸਕਦੀ ਸੀ, ਇਸ ਲਈ ਪੰਜਾਬ ਮੰਤਰੀ ਮੰਡਲ ਨੇ ਇਹ 25 ਕਰੋੜ ਰੁਪਏ ਖਰਚਣ ਵਾਸਤੇ 5 ਜਨਵਰੀ, 2022 ਨੂੰ ਸਪੈਸ਼ਲ ਮਨਜ਼ੂਰੀ ਦਿੱਤੀ। ਵਿਧਾਇਕ ਚੌਧਰੀ ਨੇ ਅੱਗੇ ਕਿਹਾ, ਤਿੰਨ ਮਹੀਨਿਆਂ ਬਾਅਦ 30 ਮਾਰਚ, 2022 ਨੂੰ ਨਵੀਂ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗ੍ਰਾਂਟ ਵਾਪਸ ਮੰਗਵਾ ਲਈ ਤੇ ਆਦੇਸ਼ ਦਿੱਤਾ ਕਿ ਇਹ ਰਕਮ ਵਿਆਜ ਸਮੇਤ ਅਗਲੇ ਦਿਨ, 31 ਮਾਰਚ, 2022 ਤੱਕ ਸਰਕਾਰ ਨੂੰ ਵਾਪਸ ਕਰ ਦਿੱਤੀ ਜਾਵੇ। ਹੁਣ ਉਸੇ ਪ੍ਰੋਜੈਕਟ ਲਈ ਉਹੀ ਗਰਾਂਟ ਲਗਭਗ ਇੱਕ ਸਾਲ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮੁੜ ਜਾਰੀ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਜੇਕਰ ਜਲੰਧਰ ‘ਚ ਜ਼ਿਮਨੀ ਚੋਣ ਨਾ ਹੁੰਦੀ ਤਾਂ ‘ਆਪ’ ਆਗੂਆਂ ਨੇ ਗ੍ਰਾਂਟ ਦੇਣੀ ਤਾਂ ਛੱਡੋ, ਡੇਰਾ ਸੱਚਖੰਡ ਬੱਲਾਂ ਜਾਣ ਦੀ ਪਰਵਾਹ ਵੀ ਨਹੀਂ ਕਰਨੀ ਸੀ ਵਿਧਾਇਕ ਚੌਧਰੀ ਨੇ ਕਿਹਾ ਕਿ ਜੇਕਰ ‘ਆਪ’ ਸਰਕਾਰ ਦੇ ਆਗੂ ਇੱਕ ਸਾਲ ਬਾਅਦ ਕਾਂਗਰਸ ਸਰਕਾਰ ਵੱਲੋਂ ਦਿੱਤੀ ਗਈ ਗ੍ਰਾਂਟ ਨੂੰ ਮੁੜ ਜਾਰੀ ਕਰਨ ਦਾ ਨਾਟਕ ਕਰਨਾ ਚਾਹੁੰਦੇ ਹਨ ਤਾਂ ਉਹ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮਲੇਵਾ ਭਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ 50 ਕਰੋੜ ਰੁਪਏ ਦੀ ਪੂਰੀ ਰਾਸ਼ੀ ਹੀ ਜਾਰੀ ਕਰ ਦਿੰਦੇ। ਉਨ੍ਹਾਂ ਆਖਿਆ ਕਿ ਸਰਕਾਰ ਦਾ ਧਿਆਨ ਸਿਰਫ ਝੂਠੀ ਵਾਹ ਵਾਹ ਕਰਵਾਉਣ ‘ਤੇ ਹੈ, ਜਿਸ ਵਾਸਤੇ ਜਲੰਧਰ ਸ਼ਹਿਰ ‘ਚ ਲੋਕਾਂ ਦੇ ਲੱਖਾਂ ਰੁਪਏ ਖਰਚ ਕਰਕੇ ਹੋਰਡਿੰਗ ਲਗਾਏ ਹਨ। ਉਹਨਾਂ ਕਿਹਾ ਕਿ ਇਹ ‘ਆਮ ਆਦਮੀ’ ਦੀ ਸਰਕਾਰ ਨਹੀਂ ਹੈ, ਸਗੋਂ ‘ਐਡ ਆਦਮੀ’ ਦੀ ਸਰਕਾਰ ਹੈ, ਜਿਸ ਦਾ ਕੰਮ ਇਸ਼ਤਿਹਾਰਬਾਜ਼ੀ ਕਰਕੇ ਸਿਰਫ ਆਪਣੇ ਆਪ ਨੂੰ ਚਮਕਾਉਣਾ ਹੈ।