ਜਲੰਧਰ : ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਮਾਜ ਦਾ ਹਰ ਵਰਗ ‘ਆਪ’ ਤੋਂ ਦੁਖੀ ਹੈ ਅਤੇ 10 ਮਈ ਨੂੰ ਹੋਣ ਵਾਲੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਇਸ ਨੂੰ ਸਬਕ ਸਿਖਾਉਣ ਲਈ ਤਿਆਰ ਹੈ। ਫਿਲੌਰ ਵਿਧਾਨ ਸਭਾ ਹਲਕੇ ਵਿੱਚ ਕਈ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਕਾਂਗਰਸ ਪਾਰਟੀ ਹੀ ਸਹੀ ਪਾਰਟੀ ਹੈ। ਵਿਕਰਮਜੀਤ ਚੌਧਰੀ ਨੇ ਕਈ ਅਹਿਮ ਮੁੱਦਿਆਂ ‘ਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਸੱਤਾਧਾਰੀ ਪਾਰਟੀ ਤੋਂ ਨਾਰਾਜ਼ ਹਨ ਕਿਉਂਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਉਹਨਾਂ ਵਿੱਚ ਅਸੰਤੁਸ਼ਟੀ ਦੀ ਭਾਵਨਾ ਵੱਧ ਰਹੀ ਹੈ। ਫਿਲੌਰ ਵਿਧਾਇਕ ਨੇ ਕਿਹਾ ਕਿ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਦੇ ਮੁੱਦੇ ‘ਤੇ ਜਿਸ ਤਰਾਂ ਅੰਨਦਾਤਾ ਨੂੰ ਪ੍ਰੇਸ਼ਾਨ ਕੀਤਾ ਗਿਆ ਹੈ, ਉਸ ਤੋਂ ਕਿਸਾਨ ਨਿਰਾਸ਼ ਹਨ ਅਤੇ ‘ਆਪ’ ਸਰਕਾਰ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ‘ਚ ‘ਆਪ’ ਸਰਕਾਰ ਦੇ ਕਰੀਬ 14 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਔਰਤਾਂ ਆਪਣੇ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਉਡੀਕ ਕਰ ਰਹੀਆਂ ਹਨ, ਜਿਸ ਦਾ ਵਾਅਦਾ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲ ਜਲੰਧਰ ਦੀਆਂ ਔਰਤਾਂ ਦਾ ਕਰੀਬ ਗਿਆਰਾਂ ਸੌ ਕਰੋੜ ਰੁਪਏ ਬਕਾਇਆ ਹੈ। ਵਿਧਾਇਕ ਚੌਧਰੀ ਨੇ ਅੱਗੇ ਕਿਹਾ ਕਿ ਉਦਯੋਗਪਤੀ ਵੀ ‘ਆਪ’ ਸਰਕਾਰ ਤੋਂ ਨਾਖੁਸ਼ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਸਾਲ ਫਰਵਰੀ ‘ਚ ਹੋਏ ਨਿਵੇਸ਼ਕ ਸੰਮੇਲਨ ‘ਚ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਪਰ ਅਜੇ ਤੱਕ ਜ਼ਮੀਨੀ ਪੱਧਰ ‘ਤੇ ਕੁਝ ਵੀ ਨਹੀਂ ਹੋਇਆ ਅਤੇ ਕੋਈ ਵੀ ਨਵਾਂ ਉਦਯੋਗਿਕ ਪੈਕੇਜ ਨਾ ਆਉਣ ਕਾਰਨ ਉਦਯੋਗਪਤੀ ਨਿਰਾਸ਼ ਹਨ। ਵਿਧਾਇਕ ਚੌਧਰੀ ਨੇ ਪਾਰਟੀ ਵਰਕਰਾਂ ਨੂੰ ਆਖਿਆ ਕਿ ਉਹ ‘ਆਪ’ ਸਰਕਾਰ ਦੀਆਂ ਸਾਰੀਆਂ ਨਾਕਾਮੀਆਂ ਲੋਕਾਂ ਨਾਲ ਸਾਂਝੀਆਂ ਕਰਨ ਅਤੇ ਉਹਨਾਂ ਨੂੰ ਦੱਸਣ ਕਿ ਕਿਵੇਂ ਵਿਧਾਨ ਸਭਾ ‘ਚ ਭਾਰੀ ਬਹੁਮਤ ਹੋਣ ਦੇ ਬਾਵਜੂਦ ਸਰਕਾਰ ਆਪਣੀਆਂ ਗਾਰੰਟੀਆਂ ਪੂਰੀਆਂ ਕਰਨ ‘ਚ ਨਾਕਾਮ ਰਹੀ ਹੈ। ਇਸ ਤੋਂ ਉਲਟ ਕਾਂਗਰਸ ਪਾਰਟੀ ਜਨਤਾ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਹੀ ਇੱਕੋ ਇੱਕ ਬਦਲ ਹੈ ਅਤੇ ਉਹ ਸਰਕਾਰ ਨੂੰ ਡੂੰਘੀ ਨੀਂਦ ਵਿੱਚੋਂ ਜਗਾਉਣ ਲਈ ਜ਼ਿਮਨੀ ਚੋਣ ਵਿੱਚ ਸਹੀ ਪਾਰਟੀ ਚੁਣਨ।