


ਜਲੰਧਰ : ਨਸ਼ਾ ਤਸਕਰੀ ਅਤੇ ਅਪਰਾਧਿਕ ਸਰਗਰਮੀਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰਦਿਆਂ, ਜਲੰਧਰ ਦਿਹਾਤੀ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਕੋਰਡਨ ਐਂਡ ਸਰਚ ਓਪਰੇਸ਼ਨ (CASO) ਚਲਾਇਆ ਗਿਆ।ਇਹ ਓਪਰੇਸ਼ਨ ਡਾ. ਸੰਦੀਪ ਕੁਮਾਰ ਗਰਗ, ਡੀਆਈਜੀ ਇੰਟੈਲੀਜੈਂਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ. ਹਰਵਿੰਦਰ ਸਿੰਘ ਵਿਰਕ, ਐਸ.ਐਸ.ਪੀ., ਜਲੰਧਰ ਦਿਹਾਤੀ ਦੀ ਅਗਵਾਈ ਹੇਠ ਕੀਤਾ ਗਿਆ।ਐੱਸ.ਐੱਸ.ਪੀ. ਜਲੰਧਰ ਦਿਹਾਤੀ ਨੇ ਦੱਸਿਆ ਕਿ ਖ਼ੁਫ਼ੀਆ ਜਾਣਕਾਰੀਆਂ ਦੇ ਆਧਾਰ ’ਤੇ ਜ਼ਿਲ੍ਹੇ ਦੇ ਉਹ ਸੰਵੇਦਨਸ਼ੀਲ ਸਥਾਨ ਚਿੰਨ੍ਹਿਤ ਕੀਤੇ ਗਏ ਜਿੱਥੇ ਸਮਾਜ ਵਿਰੋਧੀ ਤੱਤ ਸੁੰਨਸਾਨ ਅਤੇ ਅਲੱਗ-ਥਲੱਗ ਥਾਵਾਂ ਦਾ ਗ਼ੈਰਕਾਨੂੰਨੀ ਗਤਿਵਿਧੀਆਂ ਲਈ ਦੁਰਉਪਯੋਗ ਕਰ ਰਹੇ ਸਨ। ਇਨ੍ਹਾਂ ਵਿੱਚ ਬੱਸ ਅੱਡੇ, ਖਾਲੀ ਪਈਆਂ ਇਮਾਰਤਾਂ, ਇਕਾਂਤ ਖੇਤ, ਖੁੱਲ੍ਹੇ ਮੈਦਾਨ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਸ਼ਾਮਲ ਸਨ।ਇਸ ਨੂੰ ਧਿਆਨ ਵਿੱਚ ਰੱਖਦਿਆਂ, ਜ਼ਿਲ੍ਹਾ ਪੱਧਰੀ ਵੱਡੇ ਪੈਮਾਨੇ ’ਤੇ CASO ਆਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ 15 ਗਜਟਿਡ ਅਫ਼ਸਰਾਂ ਦੀ ਨਿਗਰਾਨੀ ਹੇਠ 111 ਰੇਡਾਂ ਕੀਤੀਆਂ ਗਈਆਂ ਅਤੇ ਲਗਭਗ 150 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਹ ਓਪਰੇਸ਼ਨ ਸੀਨੀਅਰ ਅਧਿਕਾਰੀਆਂ ਦੀ ਦੇਖ-ਰੇਖ ਹੇਠ ਕੀਤਾ ਗਿਆ, ਜਿਨ੍ਹਾਂ ਵਿੱਚ ਨਰਿੰਦਰ ਸਿੰਘ, ਡੀ.ਐੱਸ.ਪੀ. ਸਬ-ਡਿਵੀਜ਼ਨ ਕਰਤਾਰਪੁਰ; ਓਂਕਾਰ ਸਿੰਘ ਬਰਾੜ, ਡੀ.ਐੱਸ.ਪੀ., ਸਬ-ਡਿਵੀਜ਼ਨ ਨਕੋਦਰ; ਭਾਰਤ ਮਸੀਹ ਲਾਧੜ, ਡੀ.ਐੱਸ.ਪੀ. ਸਬ-ਡਿਵੀਜ਼ਨ ਫ਼ਿਲੌਰ; ਸੁਖਪਾਲ ਸਿੰਘ, ਡੀ.ਐੱਸ.ਪੀ., ਸਬ-ਡਿਵੀਜ਼ਨ ਸ਼ਾਹਕੋਟ ਅਤੇ ਰਾਜੀਵ ਕੁਮਾਰ, ਡੀ.ਐੱਸ.ਪੀ., ਸਬ-ਡਿਵੀਜ਼ਨ ਆਦਮਪੁਰ ਸ਼ਾਮਲ ਸਨ।ਇਸ ਸਰਚ ਓਪਰੇਸ਼ਨ ਦੌਰਾਨ ਪੁਲਿਸ ਟੀਮਾਂ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਗਈ ਅਤੇ ਚਿੰਨ੍ਹਿਤ ਸਥਾਨਾਂ ’ਤੇ ਗਹਿਰੀ ਤਲਾਸ਼ੀ ਲਈ ਗਈ। ਤਸਦੀਕ ਅਤੇ ਰੋਕਥਾਮੀ ਕਾਰਵਾਈ ਤਹਿਤ 50 ਸਮੱਗਲਰਾਂ/ਨਸ਼ਾ ਤਸਕਰਾਂ/ਕੂਰਿਅਰਾਂ ਦੀ ਜਾਂਚ ਕੀਤੀ ਗਈ, ਜਦਕਿ 35 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਕਾਬੂ ਕੀਤਾ ਗਿਆ ਤਾਂ ਜੋ ਨਸ਼ਾ ਸੰਬੰਧੀ ਜਾਂ ਹੋਰ ਅਪਰਾਧਿਕ ਸਰਗਰਮੀਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਸਕੇ।
CASO ਦੌਰਾਨ ਕੀਤੀ ਗਈ ਵਿਸਤ੍ਰਿਤ ਚੈਕਿੰਗ ਦੇ ਨਤੀਜੇ ਵਜੋਂ 07 ਮੁਕਦਮੇ ਦਰਜ ਕੀਤੇ ਗਏ ਅਤੇ 08 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ’ਚੋਂ 290 ਨਸ਼ੀਲੀ ਗੋਲੀਆਂ, 05 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਬਰਾਮਦ ਕੀਤੀ ਗਈ। ਇਸ ਓਪਰੇਸ਼ਨ ਨਾਲ ਗ਼ੈਰਕਾਨੂੰਨੀ ਸਰਗਰਮੀਆਂ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਕਈ ਅਹਿਮ ਸੁਰਾਗ ਅਤੇ ਜਾਣਕਾਰੀਆਂ ਵੀ ਮਿਲੀਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਅੱਗੇ ਹੋਰ ਸਖ਼ਤ ਅਤੇ ਨਿਸ਼ਾਨਾਬੱਧ ਕਾਰਵਾਈ ਕੀਤੀ ਜਾਵੇਗੀ।ਐੱਸ.ਐੱਸ.ਪੀ ਜਲੰਧਰ ਦਿਹਾਤੀ ਨੇ ਅੱਗੇ ਦੱਸਿਆ ਕਿ ਚਿੰਨ੍ਹਿਤ ਸੰਵੇਦਨਸ਼ੀਲ ਸਥਾਨਾਂ ’ਤੇ ਹੁਣ ਰੋਜ਼ਾਨਾ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ ਅਤੇ ਇਨ੍ਹਾਂ ਇਲਾਕਿਆਂ ਵਿੱਚ ਨਿਗਰਾਨੀ ਹੋਰ ਤੇਜ਼ ਕੀਤੀ ਜਾਵੇਗੀ, ਤਾਂ ਜੋ ਸਮਾਜ ਵਿਰੋਧੀ ਤੱਤਾਂ ਵੱਲੋਂ ਦੁਰੁਪਯੋਗ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ਾ ਸੇਵਨ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸਦੀ ਪੁਨਰਵਾਸੀ ਲਈ ਉਸਨੂੰ ਨਸ਼ਾ ਛੁਡਾਉ ਅਤੇ ਰਿਹੈਬਿਲੀਟੇਸ਼ਨ ਕੇਂਦਰਾਂ ਵੱਲ ਭੇਜਿਆ ਜਾਵੇਗਾ, ਜਦਕਿ ਨਸ਼ੇ ਦੀ ਸਪਲਾਈ ਅਤੇ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ, ਐੱਸ.ਐੱਸ.ਪੀ. ਜਲੰਧਰ ਦਿਹਾਤੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਕਿਸੇ ਵੀ ਕਿਸਮ ਦੀ ਨਸ਼ਿਆਂ ਸੰਬੰਧੀ ਸਰਗਰਮੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।






