ਨਕੋਦਰ/ਜਲੰਧਰ : ਜਲੰਧਰ ਲੋਕ ਸਭਾ ਹਲਕੇ ਦੇ ਨਕੋਦਰ ਇਲਾਕੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਹਲਕਾ ਇੰਚਾਰਜ ਸਾਬਕਾ ਵਿਧਾਇਕ ਡਾ.ਨਵਜੋਤ ਸਿੰਘ ਦਾਹੀਆ ਦੀ ਅਗਵਾਈ ਵਿੱਚ ਕੌਂਸਲਰ ਤੇ ਹੋਰ ਮੋਹਤਵਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ ਨਾਲ ਹੱਥ ਮਿਲਾ ਲਿਆ।ਨਕੋਦਰ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਸਮੇਤ ਨੂਰਮਹਿਲ ਤੇ ਨਕੋਦਰ ਵਿੱਚ ਹੋਈਆਂ ਵਰਕਰ ਮਿਲਣੀਆਂ ਰੈਲੀਆਂ ਦਾ ਰੂਪ ਧਾਰਨ ਕਰ ਗਈਆਂ।ਇਸ ਦੌਰਾਨ ਨੂਰਮਹਿਲ ਚ ਕੌਂਸਲਰ ਸੁਭਾਸ਼ ਚੰਦਰ ਸੋਂਧੀ ਸਮੇਤ ਪੰਮਾ ਸੋਂਧੀ,ਮਨਦੀਪ ਸਿੰਘ,ਅਜੇ ਕਮਲ,ਪਵਨ ਕੁਮਾਰ,ਸੋਨੂੰ,ਹਰਮੇਸ਼ ਤੇ ਕੁਲਵਿੰਦਰ ਸਮੇਤ ਹੋਰ ਮੋਤਵਰ ਵਿਅਕਤੀ ਨਗਰ ਕੋਸਲ ਪ੍ਰਧਾਨ ਬੀਬੀ ਹਰਦੀਪ ਕੌਰ ਜੌਹਲ ਦੇ ਘਰ ਰੱਖੀਂ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਛੱਡ ਕਾਂਗਰਸ ਵਿੱਚ ਸ਼ਾਮਲ ਹੋ ਗਏ ਜਿਹਨਾਂ ਦਾ ਚਰਨਜੀਤ ਸਿੰਘ ਚੰਨੀ ਨੇ ਸਵਾਗਤ ਕੀਤਾ। ਜਦ ਕਿ ਨਕੋਦਰ ਦੇ ਵਿੱਚ ਰੱਖੀ ਵਰਕਰ ਮਿਲਣੀ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਜਸਪ੍ਰੀਤ ਸਿੰਘ ਧੰਜੂ, ਰਾਮ ਕਿਸ਼ਨ ਭੱਟੀ, ਜਤਿੰਦਰ ਸਿੰਘ ਨੂਰਪੁਰੀ, ਡਾ ਹਰਜਿੰਦਰ ਸਿੰਘ ਤੁਰਨਾ ਤੇ ਸਰੂਪ ਸਿੰਘ ਸਮੇਤ ਉਹਨਾਂ ਦੇ ਸਾਥੀਆਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ।ਕਾਂਗਰਸ ਵਿੱਚ ਸ਼ਾਮਲ ਹੋਏ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਗੁਮਰਾਹਕੰਨ ਪ੍ਰਚਾਰ ਤੇ ਝੂਠੇ ਇੰਨਕਲਾਬੀ ਦਿਖਾਵੇ ਵਿੱਚ ਫ਼ਸ ਕੇ ਉਹਨਾਂ ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇ ਦਿੱਤਾ ਪਰ ਢਾਈ ਸਾਲ ਦੇ ਇਸ ਸਰਕਾਰ ਦੇ ਕਾਰਜਕਾਲ ਨੇ ਪੰਜਾਬ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ ਤੇ ਹੁਣ ਅੱਗੋਂ ਪੰਜਾਬ ਨੂੰ ਨੁਕਸਾਨ ਤੋਂ ਬਚਾਉਣ ਲਈ ਉੱਨਾਂ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਹੈ।ਇਸ ਦੌਰਾਨ ਚੁੱਕ ਪੀਰ ਪੁਰ,ਚੁੱਕ ਵਹਿੰਦੇ,ਚੁੱਕ ਕਲਾਂ,ਚੁੱਕ ਖੁਰਦ,ਬਜੂਹਾ ਕਲਾਂ ਆਦਿ ਦੇ ਪੰਚਾਂ ਸਰਪੰਚਾਂ ਤੇ ਮੋਹਤਵਰ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਇਲਾਕੇ ਦੀਆਂ ਸਮੱਸਿਆ ਬਾਰੇ ਦੱਸਿਆ ਤੇ ਚਰਨਜੀਤ ਸਿੰਘ ਚੰਨੀ ਨੇ ਇੰਨ੍ਹਾਂ ਲੋਕਾਂ ਨੂੰ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ।ਜਦ ਕਿ ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੱਲੋਂ ਕਲੋਨੀ ਬੋਪਾਰਾਏ,ਮੱਲੀਆਂ ਕਲਾਂ ਉੱਗੀ,ਢੱਡੇ, ਕਾਂਗਣਾ,ਭੁੱਲਰਾਂ ਨੂਰਪੁਰ, ਫ਼ਰਵਾਲਾ,ਬਿਲਗਾ ਤੇ ਬੋਪਾਰਾਏ ਸਮੇਤ ਹੋਰ ਵੀ ਵੱਖ ਵੱਖ ਥਾਵਾਂ ਤੇ ਮੀਟਿੰਗਾਂ ਕੀਤੀਆ ਤੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਫ਼ਤਵਾ ਦੇਣ ਦੀ ਅਪੀਲ ਕੀਤੀ। ਇੰਨਾਂ ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਧੋਖਾ ਕਰਕੇ ਵੋਟਾਂ ਲੈ ਲਈਆਂ ਤੇ ਹੁਣ ਲੋਕ ਇਨ੍ਹਾਂ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ।ਉੱਨਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਬਿੱਲ ਮਾਫ਼ ਕਰਨ ਦੀਆਂ ਗਰੰਟੀਆਂ ਤਾਂ ਦੇ ਦਿੱਤੀਆਂ ਪਰ ਅੱਜ ਲੋਕਾਂ ਦੇ ਹਜ਼ਾਰਾਂ ਰੁਪਏ ਦੇ ਬਿੱਲ ਆ ਰਹੇ ਹਨ ਤੇ ਲੋਕ ਬਿੱਲਾਂ ਦੀ ਅਦਾਇਗੀ ਕਰਨ ਤੋਂ ਵੀ ਅਸਮਰੱਥ ਹਨ। ਉਹਨਾਂ ਕਿਹਾ 24 ਘੰਟੇ ਬਿਜਲੀ ਸਪਲਾਈ ਦੇਣ ਅਤੇ ਰਾਸ਼ਨ ਘਰ ਘਰ ਪਹੁੰਚਾਉਣ ਦੇ ਦਾਅਵੇ ਵੀ ਖੋਖਲੇ ਹੀ ਸਾਬਤ ਹੋਏ ਜਿਸ ਕਾਰਨ ਲੋਕ ਹੁਣ ਆਪਣਾ ਚੰਗਾ ਭਵਿੱਖ ਕਾਂਗਰਸ ਚ ਹੀ ਦੇਖ ਰਹੇ ਹਨ। ਉਹਨਾਂ ਕਿਹਾ ਕਿ ਭਾਜਪਾ ਦੀਆਂ ਲੋਕ ਮਾਰੂ,ਕਿਸਾਨ ਤੇ ਪੰਜਾਬ ਵਿਰੋਧੀ ਨੀਤੀਆਂ ਤੋਂ ਵੀ ਤੰਗ ਆ ਚੁੱਕੇ ਲੋਕ ਹੁਣ ਦੇਸ਼ ਵਿਚ ਇੰਡੀਆ ਗਠਜੋੜ ਨੂੰ ਸੱਤਾ ਤੇ ਲਿਆਉਣ ਲਈ ਤਿਆਰ ਬੈਠੇ ਹਨ।ਇਸ ਦੌਰਾਨ ਨਕੋਦਰ ਹਲਕੇ ਦੇ ਇੰਚਾਰਜ ਡਾ ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਦੀ ਹਨੇਰੀ ਚੱਲ ਰਹੀ ਹੈ ਤੇ ਨਕੋਦਰ ਦੇ ਲੋਕ ਵੀ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਲਈ ਤਿਆਰ ਬੈਠੇ ਹਨ ਤੇ ਚੰਨੀ ਵੱਡੀ ਲੀਡ ਨਾਲ ਇੱਥੋਂ ਜਿੱਤ ਹਾਸਲ ਕਰਨਗੇ।ਦਾਗ਼ੀਆਂ ਨੇ ਕਿਹਾ ਕਿ ਇਹ ਮੀਟਿੰਗਾਂ ਕੇਵਲ ਵਰਕਰਾਂ ਤੇ ਮੋਹਤਵਰ ਲੋਕਾਂ ਨਾਲ ਰੱਖੀਆਂ ਗਈਆਂ ਪਰ ਲੋਕਾਂ ਵਿੱਚ ਚਰਨਜੀਤ ਸਿੰਘ ਚੰਨੀ ਪ੍ਰਤੀ ਇੰਨੀ ਖਿੱਚ ਹੈ ਕਿ ਇਹ ਵਰਕਰ ਮਿਲਣੀਆਂ ਰੈਲੀਆਂ ਦਾ ਰੂਪ ਧਾਰਨ ਕਰ ਗਈਆਂ ਜਿਸ ਤੋਂ ਚਰਨਜੀਤ ਸਿੰਘ ਚੰਨੀ ਦੀ ਵੱਡੇ ਫਰਕ ਨਾਲ ਜਿੱਤ ਦੇ ਸੰਕੇਤ ਸਾਫ਼ ਦਿਖਾਈ ਦੇ ਰਹੇ ਹਨ।







