ਜਲੰਧਰ – ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਅੱਜ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ ‘ਤੇ ਇਕ ਸੰਖੇਪ ਤੇ ਭਾਵਪੂਰਤ ਸਮਾਗਮ ਹੋਇਆ ਜਿਸ ਵਿਚ ਪੱਤਰਕਾਰਾਂ ਨੇ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਪੰਜਾਬ ਪ੍ਰਾਂਤ ਵਿਚ ਪ੍ਰੈੱਸ ਦੀ ਆਜ਼ਾਦੀ ਲਈ ਵਧ ਰਹੀਆਂ ਚੁਣੌਤੀਆਂ ‘ਤੇ ਗਹਿਰੀ ਚਿੰਤਾ ਪ੍ਰਗਟ ਕੀਤੀ। ਇਸ ਅਵਸਰ ‘ਤੇ ਆਪਣੇ ਵਿਚਾਰ ਰੱਖਣ ਵਾਲੇ ਬਹੁਤੇ ਪੱਤਰਕਾਰਾਂ ਵਲੋਂ ਇਹ ਕਿਹਾ ਗਿਆ ਕਿ ਪੱਤਰਕਾਰ ਭਾਈਚਾਰੇ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਆਪਸੀ ਸਹਿਯੋਗ ਨਾਲ ਕਰਨਾ ਚਾਹੀਦਾ ਹੈ ਅਤੇ ਪ੍ਰਤੀਬੱਧਤਾ ਨਾਲ ਆਪਣੇ ਲੋਕਾਂ ਦੇ ਸਰੋਕਾਰਾਂ ਨੂੰ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਉਠਾਉਣਾ ਚਾਹੀਦਾ ਹੈ।ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਪ੍ਰੈੱਸ ਨੂੰ ਹਮੇਸ਼ਾ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਤੇ ਅੱਜ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਰੂਸ ਅਤੇ ਯੂਕਰੇਨ ਦੀ ਜੰਗ ਵਿਚ ਅਤੇ ਇਜ਼ਰਾਈਲ ਅਤੇ ਹਮਾਂਸ ਦੀ ਜੰਗ ਵਿਚ ਦਰਜਨਾਂ ਹੀ ਪੱਤਰਕਾਰਾਂ ਦੇ ਸ਼ਹੀਦ ਹੋ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਚੁਣੌਤੀਆਂ ਪੱਤਰਕਾਰੀ ਦੇ ਪੇਸ਼ੇ ਦੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਹੀ ਸਾਹਮਣਾ ਕੀਤਾ ਜਾ ਸਕਦਾ ਹੈ। ਦੇਸ਼ ਦੀਆਂ ਅਜੋਕੀਆਂ ਸਥਿਤੀਆਂ ਵਿਚ ਜਮਹੂਰੀਅਤ ਨੂੰ ਬਚਾਉਣ ਲਈ ਪੱਤਰਕਾਰਾਂ ਨੂੰ ਜਾਗਰੂਕ ਹੋ ਕੇ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ।
ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਨੇ ਕਿਹਾ ਕਿ ਦੇਸ਼ ਵਿਚ ਪੱਤਰਕਾਰੀ ਦੀ ਆਜ਼ਾਦੀ ਲਗਾਤਾਰ ਸੁੰਘੜਦੀ ਜਾ ਰਹੀ ਹੈ। ਇਸ ਨੂੰ ਹਰ ਹੀਲੇ ਬਚਾਉਣ ਲਈ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਸ੍ਰੀ ਰਮੇਸ਼ ਗਾਬਾ ਨੇ ਕਿਹਾ ਪ੍ਰੈੱਸ ਦੀ ਆਜ਼ਾਦੀ ਬਾਰੇ ਤੇ ਇਸ ਦੇ ਮਹੱਤਵ ਬਾਰੇ ਸਾਨੂੰ ਖ਼ੁਦ ਵੀ ਸੁਚੇਤ ਹੋਣਾ ਚਾਹੀਦਾ ਹੈ ਤੇ ਹਰ ਤਰ੍ਹਾਂ ਦੀਆਂ ਸਥਿਤੀਆਂ ਵਿਚ ਆਪਣਾ ਰੋਲ ਨਿਭਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਲਾਲਚ ਜਾਂ ਸਵਾਰਥਾਂ ਅਧੀਨ ਨਾ ਕੋਈ ਖ਼ਬਰ ਦੇਣੀ ਚਾਹੀਦੀ ਹੈ ਤੇ ਨਾ ਹੀ ਰੋਕਣੀ ਚਾਹੀਦੀ ਹੈ। ਨੌਜਵਾਨ ਪੱਤਰਕਾਰ ਸੁਕਰਾਤ ਸਫ਼ਰੀ ਨੇ ਕਿਹਾ ਕਿ ਪ੍ਰੈੱਸ ਲਈ ਆਜ਼ਾਦੀ ਦੀ ਮੰਗ ਕਰਨ ਦੇ ਨਾਲ-ਨਾਲ ਸਾਨੂੰ ਖ਼ੁਦ ਵੀ ਆਪਣੇ ਅੰਦਰ ਵੀ ਝਾਤੀ ਮਾਰਨੀ ਚਾਹੀਦੀ ਹੈ ਅਤੇ ਪ੍ਰੈੱਸ ਦੀ ਆਜ਼ਾਦੀ ਦੀ ਵਰਤੋਂ ਆਪਣੇ ਲੋਕਾਂ ਦੇ ਹਿਤਾਂ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਕਰਨੀ ਚਾਹੀਦੀ ਹੈ। ਜਸਬੀਰ ਸਿੰਘ ਸੋਢੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਪੱਤਰਕਾਰਾਂ ਨੂੰ ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ ਤਾਂ ਕਿ ਪੱਤਰਕਾਰਾਂ ‘ਤੇ ਕੋਈ ਵੀ ਉਂਗਲ ਨਾ ਉਠਾ ਸਕੇ। ਸਮਾਗਮ ਦੇ ਅਖੀਰ ਵਿਚ ਕੁਲਪ੍ਰੀਤ ਸਿੰਘ ਏਕਮ ਨੇ ਸੰਬੋਧਨ ਕਰਦਿਆਂ ਸਮਾਗਮ ਵਿਚ ਸ਼ਿਰਕਤ ਕਰਨ ਲਈ ਆਏ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰ ਸੁਰਿੰਦਰ ਰਣਦੇਵ, ਧਰਮਿੰਦਰ ਸੋਂਧੀ, ਜਗਰੂਪ, ਰਾਘਵ ਜੈਨ, ਦਵਿੰਦਰ ਕੁਮਾਰ, ਵਿਜੇ ਅਟਵਾਲ, ਕਰਨ ਲੂਥਰਾ, ਨਿਤਿਨ ਕੌੜਾ, ਪੂਜਾ, ਤਰਨਪ੍ਰੀਤ ਲੱਕੀ, ਸ਼ੈਲੀ, ਪਵਨ, ਦਵਿੰਦਰ ਬੱਸੀ, ਯੋਗੇਸ਼ ਕਤਿਆਲ, ਗੇਵੀ, ਹਰੀਸ਼ ਅਤੇ ਹੋਰ ਵੀ ਮੀਡੀਆ ਜਗਤ ਨਾਲ ਜੁੜੀਆਂ ਹਸਤੀਆਂ ਹਾਜ਼ਰ ਸਨ। ਇਸ ਅਵਸਰ ‘ਤੇ ਪ੍ਰੈੱਸ ਦੀ ਆਜ਼ਾਦੀ ਦੇ ਨਾਂਅ ਕੇਕ ਵੀ ਕੱਟਿਆ ਗਿਆ।