

ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਬਾਰੇ ਬੋਲਦਿਆਂ ਕਾਂਗਰਸ ਜ਼ਿਲਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਦਾਅਵਾ ਕੀਤਾ ਕਿ ਦੋਵੇਂ ਪਾਰਟੀਆਂ ਪਹਿਲਾਂ ਹੀ ਇਕੱਠੀਆਂ ਸਨ ਅਤੇ ਵੱਖ ਹੋਣ ਦਾ ਦਿਖਾਵਾ ਸਿਰਫ਼ ਕਿਸਾਨਾਂ ਨੂੰ ਭੁਲੇਖੇ ਵਿੱਚ ਰੱਖਣ ਲਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਤਿੰਨ ਮੰਗਾਂ ਨਾ ਮੰਨੇ ਜਾਣ ਅਤੇ ਕਰੀਬ 650 ਕਿਸਾਨਾਂ ਦੀਆਂ ਜਾਨਾਂ ਜਾਣ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਅਕਾਲੀ ਦਲ ਦੇ ਮੌਜੂਦਾ ਸਟੈਂਡ ’ਤੇ ਸਵਾਲ ਚੁੱਕੇ ਅਤੇ ਇਸ ਗੱਠਜੋੜ ਨੂੰ ਪੰਜਾਬ, ਪੰਜਾਬੀਆਂ ਅਤੇ ਕਿਸਾਨਾਂ ਦੇ ਖ਼ਿਲਾਫ਼ ਦੱਸਿਆ।
ਰਜਿੰਦਰ ਬੇਰੀ ਨੇ ਕਿਹਾ ਕਿ ਇਹਨਾਂ ਦਾ ਗੱਠਬੰਧਨ ਤਾਂ ਪਹਿਲਾਂ ਹੀ ਸੀ, ਸਿਰਫ ਕਿਸਾਨਾਂ ਨੂੰ ਦਿਖਾਉਣ ਵਾਸਤੇ ਅਲੱਗ ਅਲੱਗ ਹੋਏ ਸੀ। ਓਨਾਂ ਕਿਹਾ ਕਿ ਲਗਭਗ 650 ਕਿਸਾਨਾਂ ਨੇ ਆਪਣੀਆਂ ਜਾਨਾਂ ਦੀਆਂ ਆਹੂਤੀਆਂ ਪਾਈਆਂ, ਮੈਂ ਤਾਂ ਇਹੀ ਕਹੂੰਗਾ ਕਿ ਇਹਨਾਂ ਦਾ ਗੱਠਬੰਧਨ ਜਿਹੜਾ ਪੰਜਾਬ ਤੇ ਪੰਜਾਬੀਆਂ ਤੇ ਕਿਸਾਨਾਂ ਦੇ ਖਿਲਾਫ ਗੱਠਬੰਧਨ ਹੈ।
ਇਸ ਗੱਠਜੋੜ ਦਾ ਕਾਂਗਰਸ ਨੂੰ ਫਾਇਦਾ ਮਿਲਣ ਦਾ ਦਾਅਵਾ ਕਰਦਿਆਂ ਆਗੂ ਨੇ ਕਿਹਾ ਕਿ ਲੋਕ ਵਿਕਾਸ ਅਤੇ ਕਾਨੂੰਨ ਵਿਵਸਥਾ ਲਈ ਕਾਂਗਰਸ ਵੱਲ ਵੇਖ ਰਹੇ ਹਨ। ਪੰਜਾਬ ਵਿੱਚ ਨਸ਼ਿਆਂ ਦੇ ਫੈਲਾਅ ਲਈ ਉਨ੍ਹਾਂ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਿਆ, ਜਦਕਿ ਦਾਅਵਾ ਕੀਤਾ ਕਿ ਨਸ਼ਿਆਂ ’ਤੇ ਕਾਬੂ ਕਾਂਗਰਸ ਨੇ ਪਾਇਆ ਸੀ। ਪਾਰਟੀ ਅੰਦਰ ਫੁੱਟ ਦੀਆਂ ਗੱਲਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਆਗੂ ਅਤੇ ਹਾਈਕਮਾਨ ਇਕਜੁੱਟ ਹਨ।
ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪਹਿਲੀ ਸੂਚੀ ਵੀ ਇੱਕ ਹਫ਼ਤੇ ਦੇ ਅੰਦਰ ਆ ਸਕਦੀ ਹੈ। ਪਾਰਟੀ ਛੱਡ ਕੇ ਜਾਣ ਵਾਲੇ ਜਾਂ ਨਾਰਾਜ਼ ਆਗੂਆਂ ਦੀ ਵਾਪਸੀ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਹਾਈਕਮਾਨ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਅਤੇ ਸਬੰਧਤ ਜ਼ਿਲ੍ਹਾ ਪ੍ਰਧਾਨ ਮਿਲ ਕੇ ਫੈਸਲਾ ਕਰਨਗੇ ਕਿ ਕਿਸ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਹੈ ਅਤੇ ਕਿਸ ਨੂੰ ਨਹੀਂ।
ਕਾਂਗਰਸ ਦੀ ਟਿਕਟ ਵੰਡ ਤੇ ਬੇਰੀ ਨੇ ਕਿਹਾ ਕਿ ਪਾਰਟੀ ਦੀ ਪਹਿਲੀ ਲਿਸਟ ਮੇਰਾ ਖਿਆਲ ਇੱਕ ਹਫਤੇ ਦੇ ਵਿੱਚ ਵਿੱਚ ਆ ਜਾਵੇਗੀ। ਸਾਡੀ ਹਾਈ ਕਮਾਨ ਨੇ ਚਾਰ ਮੈਂਬਰੀ ਕਮੇਟੀ ਬਣਾਈ ਹੈ। ਉਹ ਚਾਰ ਮੈਂਬਰੀ ਕਮੇਟੀ ਅਤੇ ਜ਼ਿਲਾ ਪ੍ਰਧਾਨ ਵੀ ਨਾਲ ਬੈਠੇਗਾ, ਉਹ ਜੋ ਫੈਸਲਾ ਕਰਨਗੇ ਉਸ ਫੈਸਲੇ ਦੇ ਉੱਪਰ ਵਿਚਾਰ ਕੀਤਾ ਜਾਏਗਾ।
ਜਲੰਧਰ ਦੀ ਕਾਨੂੰਨ ਵਿਵਸਥਾ ’ਤੇ ਗੱਲ ਕਰਦਿਆਂ ਉਨ੍ਹਾਂ ਨੇ ਮਕਦੂਮਪੁਰਾ ਮੁਹੱਲੇ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਓਨਾਂ ਕਿਹਾ ਕਿ ਮੈਂ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਵੀ ਰਾਤ ਨੂੰ ਕਦੂਮਪੁਰਾ ਮੁਹੱਲਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਘਿਨੌਣੀ ਘਟਨਾ ਘਟੀ। ਇਹ ਡਰ ਜਿਹੜਾ ਲੋਕਾਂ ਦੇ ਵਿੱਚ ਪੈਦਾ ਹੋ ਗਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਰਿਹਾ ਜਾਵੇ ।