ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਦੂਜਾ ਹਿੱਸਾ ਅੱਜ ਹੰਗਾਮੇ ਨਾਲ ਸ਼ੁਰੂ ਹੋਇਆ, ਜਦੋਂ ਸਪੀਕਰ ਨੇ ਮੁੱਖ ਵਿਰੋਧੀ ਪਾਰਟੀ ਦੇ ਮੈਂਬਰਾਂ ਵੱਲੋਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦੇ ਮੁੱਦੇ ‘ਤੇ ਚਰਚਾ ਦੀ ਮੰਗ ਨੂੰ ਲੈ ਕੇ ਦਿੱਤੇ ਮੁਲਤਵੀ ਮਤੇ ਦੇ ਨੋਟਿਸ ਨੂੰ ਨਾ ਮਨਜ਼ੂਰ ਕਰ ਦਿੱਤਾ ਅਤੇ ਨਾਰਾਜ਼ ਵਿਧਾਇਕ ਵਿਧਾਨ ਸਭਾ ਵਿੱਚੋਂ ਵਾਕਆਊਟ ਕਰ ਗਏ। ਇਸ ਤੋਂ ਪਹਿਲਾਂ ਪ੍ਰਸ਼ਨ ਕਾਲ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਵਿਧਾਨ ਸਭਾ ਸਪੀਕਰ ਨੂੰ ਪੱਖਪਾਤੀ ਅਤੇ ਫਰਜ਼ੀ ਕਰਾਰ ਦਿੰਦਿਆਂ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਹਰ ਵਿਧਾਇਕ ਵੱਲੋਂ ਸਪੀਕਰ ਦੇ ਅਹੁਦੇ ਦਾ ਬੇਹੱਦ ਸਤਿਕਾਰ ਕੀਤਾ ਜਾਂਦਾ ਹੈ ਪਰ ਕੁਲਤਾਰ ਸਿੰਘ ਸੰਧਵਾਂ ‘ਐਡ ਆਦਮੀ’ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ ਅਤੇ ਉਹਨਾਂ ਨੇ ਸਪੀਕਰ ਦੀ ਕੁਰਸੀ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਸਪੀਕਰ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਨਿਰਪੱਖ ਹੋਣਾ ਚਾਹੀਦਾ ਹੈ, ਪਰ ਇੱਥੇ ਉਹ ਭਗਵੰਤ ਮਾਨ ਸਰਕਾਰ ਦੇ ਹੁਕਮਾਂ ‘ਤੇ ਕੰਮ ਕਰ ਰਹੇ ਹਨ ਅਤੇ ਕਿਸੇ ਨੂੰ ਵੀ ਸਰਕਾਰ ਵਿਰੁੱਧ ਸਵਾਲ ਉਠਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਬੇਹੱਦ ਅਫਸੋਸ ਦੀ ਗੱਲ ਹੈ ਕਿ ਵਿਧਾਨ ਸਭਾ ਦੀ ਬੈਠਕ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਉਠਾਉਣ ਦੀ ਵਿਰੋਧੀ ਧਿਰ ਦੀ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਅਤੇ ਸਾਨੂੰ ਬੋਲਣ ਦਾ ਸਮਾਂ ਹੀ ਨਹੀਂ ਦਿੱਤਾ, ਪਰ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ‘ਐਡ ਆਦਮੀ’ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਅਤੇ ਪੰਜਾਬੀਆਂ ਦੀ ਆਵਾਜ਼ ਸਦਨ ਤੇ ਸੜਕਾਂ ‘ਤੇ ਬੁਲੰਦ ਕਰਦੇ ਰਹਾਂਗੇ। ਵਿਰੋਧੀ ਧਿਰ ਦੇ ਮੈਂਬਰਾਂ ਨੇ ਦਿੱਲੀ ਤੋਂ ਲਿਆਂਦੇ ਅਤੇ ‘ਆਪ’ ਸਰਕਾਰ ਨਾਲ ਕੰਮ ਕਰ ਰਹੇ ਅਨਿਕੇਤ ਸਕਸੈਨਾ ਦੀ ਵਿਧਾਨ ਸਭਾ ਵਿੱਚ ਮੌਜੂਦਗੀ ਦਾ ਵੀ ਸਖ਼ਤ ਵਿਰੋਧ ਕੀਤਾ। ਵਿਧਾਇਕ ਚੌਧਰੀ ਨੇ ਕਿਹਾ ਕਿ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੇ ਉਹਨਾਂ ਨੇ ਅਨਿਕੇਤ ਸਕਸੈਨਾ ਨੂੰ ਸਦਨ ਦੇ ‘ਵਾਚ ਐਂਡ ਵਾਰਡ ਰੂਮ’ ਵਿੱਚ ਬਣਾਏ ਉਸ ਦੇ ਅਸਥਾਈ ਦਫਤਰ ਤੋਂ ਰੰਗੇ ਹੱਥੀਂ ਫੜਿਆ, ਜਿੱਥੇ ਉਹ ਸਦਨ ਦੀ ਕਾਰਵਾਈ ਦੇ ਲਾਈਵ ਪ੍ਰਸਾਰਣ ਨੂੰ ਕੰਟਰੋਲ ਕਰ ਰਿਹਾ ਸੀ, ਜਦੋਂ ਕਿ ਉਸ ਕੋਲ ਉੱਥੇ ਹਾਜ਼ਰ ਰਹਿਣ ਦਾ ਵੀ ਅਧਿਕਾਰ ਨਹੀਂ ਸੀ। ਉਹਨਾਂ ਨੇ ਦੱਸਿਆ ਕਿ ਫੜੇ ਜਾਣ ਤੋਂ ਬਾਅਦ ਉਹ ਡਰ ਕੇ ਮੌਕੇ ਤੋਂ ਭੱਜ ਗਿਆ। ਫਿਲੌਰ ਵਿਧਾਇਕ ਨੇ ਕਿਹਾ, “ਵਿਧਾਨ ਸਭਾ ਦਾ ਕੰਮਕਾਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਹੀਂ, ਸਗੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਤੋਂ ਭੇਜੇ ਗਏ ਅਨਿਕੇਤ ਸਕਸੈਨਾ ਵਰਗੇ ਲੋਕ ਚਲਾ ਰਹੇ ਹਨ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਪੀਕਰ ਸੰਧਵਾਂ ਕੋਲ ਕੋਈ ਸੁਤੰਤਰ ਅਧਿਕਾਰ ਨਹੀਂ ਹੈ ਅਤੇ ਉਹ ਸਰਕਾਰ ਦੇ ਥੱਲੇ ਲੱਗ ਕੇ ਕੰਮ ਕਰ ਰਹੇ ਹਨ। ਆਪਣੇ ਪੱਖਪਾਤੀ ਰਵੱਈਏ ਨਾਲ ਸੰਧਵਾਂ ਸਾਹਬ ਨੇ ਨਾ ਸਿਰਫ ਆਪਣੀ ਕੁਰਸੀ ਦੀ ਮਰਿਆਦਾ ਨੂੰ ਘਟਾਇਆ ਹੈ, ਸਗੋਂ ਪੂਰੇ ਸਦਨ ਦੇ ਮਾਣ ਨੂੰ ਵੀ ਠੇਸ ਪਹੁੰਚਾਈ ਹੈ।”