ਜਲੰਧਰ : ਜਲੰਧਰ ਵੈਸਟ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਹੋਈਆਂ ਵਰਕਰ ਮਿਲਣੀਆਂ ਵੱਡੇ ਜਲਸਿਆਂ ਵਿੱਚ ਤਬਦੀਲ ਹੋ ਗਈਆਂ ਤੇ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਲਈ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਵੈਸਟ ਹਲਕੇ ਦੇ ਅਬਾਦਪੁਰ, ਕੋਟ ਸਦੀਕ, ਤਿਲਕ ਨਗਰ ਅਤੇ ਭਾਰਗੋ ਕੈਂਪ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਲੋਕਾਂ ਦਾ ਵੱਡਾ ਇਕੱਠ ਹੋਇਆ ਤੇ ਲੋਕਾਂ ਨੇ ਸ. ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦਾ ਐਲਾਨ ਕੀਤਾ। ਇਸ ਦੌਰਾਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੋਕਾਂ ਦੇ ਮਿਲ ਰਹੇ ਅਥਾਹ ਪਿਆਰ ਦਾ ਮੁੱਲ ਉਹ ਕਦੇ ਨਹੀਂ ਦੇ ਸਕਦੇ।ਇਸ ਦੌਰਾਨ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੱਡੀਆਂ ਉਮੀਦਾਂ ਰੱਖ ਵੋਟਾਂ ਪਾਈਆਂ ਸਨ ਪਰ ਹੁਣ ਲੋਕ ਪਛਤਾ ਰਹੇ ਹਨ। ਉਹਨਾਂ ਕਿਹਾ ਕਿ ਮਹਿਲਾਵਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦੀ ਗਾਰੰਟੀ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਧੋਖਾ ਕੀਤਾ ਹੈ ਤੇ ਹੁਣ ਚੋਣਾਂ ਵਿੱਚ ਮਹਿਲਾਵਾਂ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੀਆਂ ਹਨ। ਸ.ਚੰਨੀ ਨੇ ਕਿਹਾ ਕਿ ਅੱਜ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਨੂੰ ਦੇਸ਼ ਦੀ ਸੱਤਾ ਤੋਂ ਉਤਾਰਨਾ ਸਮੇਂ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਭਾਜਪਾ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਜਦ ਕਿ ਸੰਵਿਧਾਨ ਨਿਰਮਾਤਾ ਡਾ. ਭੀਮ ਰਾਉ ਅੰਬੇਡਕਰ ਜੀ ਦਾ ਨਾਮ ਨੂੰ ਵੀ ਦੇਸ਼ ਦੇ ਇਤਿਹਾਸ ਚੋਂ ਹਟਾਉਣ ਦੀ ਰਾਹ ਤੇ ਤੁਰੀ ਹੋਈ ਹੈ। ਸ.ਚੰਨੀ ਨੇ ਕਿਹਾ ਕਿ ਕਾਂਗਰਸ ਧਰਮ ਨਿਰਪੱਖ ਪਾਰਟੀ ਹੈ ਤੇ ਲੋਕਾਂ ਨੂੰ ਜਾਤਾਂ ਪਾਤਾਂ ਜਾਂ ਧਰਮ ਦੇ ਅਧਾਰ ਤੇ ਗੁੰਮਰਾਹ ਨਹੀਂ ਕਰਦੀ, ਜਦ ਕਿ ਭਾਜਪਾ ਸਮਾਜ ਵਿੱਚ ਧਰਮ ਦੇ ਅਧਾਰ ਤੇ ਵੰਡੀਆਂ ਪਾ ਰਹੀ ਹੈ। ਸ.ਚੰਨੀ ਨੇ ਉਹਨਾਂ ਨੂੰ ਬਾਹਰੀ ਦੱਸਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਜਲੰਧਰ ਦੇ ਵਿੱਚ ਵੱਸਣ ਆਏ ਹਨ ਤੇ ਇੱਥੇ ਲੋਕਾਂ ਵਿੱਚ ਰਹਿ ਕੇ ਉਹਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਵਾਉਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਤਿੰਨ ਮਹੀਨੇ ਸਰਕਾਰ ‘ਚ ਉਹਨਾਂ ਨੇ ਜਲੰਧਰ ਹਲਕੇ ਨੂੰ ਕਰੋੜਾਂ ਰੁਪਏ ਵਿਕਾਸ ਕਾਰਜਾਂ ਲਈ ਦਿੱਤੇ ਹਨ ਤੇ ਪੰਜ ਸਾਲਾਂ ਵਿੱਚ ਉਹ ਹਲਕੇ ਦੀ ਨੁਹਾਰ ਬਦਲਣ ਲਈ ਦਿਨ ਰਾਤ ਇੱਕ ਕਰ ਦੇਣਗੇ। ਉਹਨਾਂ ਕਿਹਾ ਕਿ ਜਲੰਧਰ ਦੇ ਵਿੱਚ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਵੱਡੇ ਕੰਮ ਕਰਨ ਦੀ ਜ਼ਰੂਰਤ ਹੈ। ਸ. ਚੰਨੀ ਨੇ ਕਿਹਾ ਕਿ ਜਲੰਧਰ ਦੇ ਵਿੱਚ ਦੜੇ ਸੱਟੇ ਤੇ ਨਸ਼ਾ ਕਾਰੋਬਾਰ ਕਰਨ ਵਾਲਿਆਂ ਨੂੰ ਲੋਕ ਇਹਨਾਂ ਚੋਣਾਂ ਵਿੱਚ ਸਬਕ ਸਿਖਾਉਣਗੇ। ਇਸ ਦੌਰਾਨ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ, ਕੌਂਸਲਰ ਜਸਲੀਨ ਸੇਠੀ, ਐਡਵੋਕੇਟ ਬਚਨ ਲਾਲ ਸਾਬਕਾ ਡਿਪਟੀ ਮੇਅਰ, ਸਤਪਾਲ ਮੀਕਾ ਆਦਿ ਨੇ ਬੋਲਦਿਆਂ ਕਿਹਾ ਕਿ ਅੱਜ ਦੇਸ਼ ਵਿਚ ਮਹਿੰਗਾਈ ਨੇ ਲੋਕਾਂ ਦਾ ਕੰਚੂਬਰ ਕੱਢ ਕੇ ਰੱਖਿਆਂ ਹੋਇਆ ਹੈ ਤੇ ਲੋਕ ਨਿੱਤ ਦਿਨ ਵਧ ਰਹੀਆਂ ਰੋਜ਼ਾਨਾਂ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਤੋਂ ਤੰਗ ਆ ਚੁੱਕੇ ਹਨ ਜਿਸ ਕਾਰਨ ਦੇਸ਼ ਦੀ ਸੱਤਾ ਵਿੱਚ ਬਦਲਾਉ ਹੋਣ ਜਾ ਰਿਹਾ ਹੈ। ਇਸ ਮੌਕੇ ਤੇ ਬਿਸ਼ੰਬਰ ਭਗਤ, ਗੁਰਪ੍ਰਤਾਪ ਗੈਰੀ, ਗੁਲਜਾਰੀ ਲਾਲ, ਹਰੀਸ਼ ਢੱਲ, ਜਗਦੀਸ਼, ਨਿਰਮਲ ਕੁਮਾਰ, ਸੁਰਜੀਤ ਕੌਰ ਮੀਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।