ਜਲੰਧਰ ਦੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੀ ਮੇਰਾ ਮਕਸਦ : ਕਰਮਜੀਤ ਕੌਰ ਚੌਧਰੀ

by Sandeep Verma
0 comment
Trident AD

ਜਲੰਧਰ : ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਬੁੱਧਵਾਰ ਨੂੰ ਕਿਹਾ ਕਿ ਜਲੰਧਰ ਦੇ ਲੋਕਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਪੂਰਾ ਕਰਨਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੈ।ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਬੜਾ ਪਿੰਡ, ਰੁੜਕਾ ਕਲਾਂ ਅਤੇ ਫਿਲੌਰ ਸ਼ਹਿਰ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਰਗਰਮ ਸਿਆਸਤ ਵਿੱਚ ਆਉਣ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਸੀ, ਪਰ ਹੁਣ ਉਹ ਆਪਣੇ ਮਰਹੂਮ ਪਤੀ ਸੰਤੋਖ ਸਿੰਘ ਚੌਧਰੀ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ-ਰਾਤ ਕੰਮ ਕਰਨਗੇ। ਉਹਨਾਂ ਆਖਿਆ, “ਮੈਂ ਆਪਣੀ ਪੂਰੀ ਜ਼ਿੰਦਗੀ ਸਰਕਾਰੀ ਨੌਕਰੀ ਕਰਦਿਆਂ ਨੌਜਵਾਨ ਵਿਦਿਆਰਥੀਆਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਨੂੰ ਸਹੀ ਸੇਧ ਦੇਣ ਵਿੱਚ ਬਿਤਾਈ ਹੈ, ਪਰ ਮੇਰੇ ਪਤੀ ਸਵਰਗੀ ਸੰਤੋਖ ਸਿੰਘ ਚੌਧਰੀ ਦੀ ਦੁਖਦਾਈ ਮੌਤ ਤੋਂ ਬਾਅਦ ਮੇਰੀ ਪਾਰਟੀ ਨੇ ਮੈਨੂੰ ਜ਼ਿਮਨੀ ਚੋਣ ਲੜਨ ਅਤੇ ਜਲੰਧਰ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। IMG 0224 1.   ਮੈਂ ਜਲੰਧਰ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਅਤੇ ਆਪਣੇ ਪਤੀ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ-ਰਾਤ ਕੰਮ ਕਰਾਂਗੀ।”ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੀਆਂ ਅਖੌਤੀ ਗਾਰੰਟੀਆਂ ਪੂਰੀਆਂ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ, “‘ਆਪ’ ਨੇ ਹਰ ਔਰਤ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਇੱਕ ਵੀ ਔਰਤ ਨੂੰ ਇੱਕ ਰੁਪਿਆ ਨਹੀਂ ਮਿਲਿਆ। ਉਨ੍ਹਾਂ ਨੇ ਬੁਢਾਪਾ ਪੈਨਸ਼ਨ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਸਾਡੇ ਬਜ਼ੁਰਗ ਅਜੇ ਤੱਕ ਇਸ ਦੀ ਉਡੀਕ ਕਰ ਰਹੇ ਹਨ। ਇਸ ਤੋਂ ਪਹਿਲਾਂ ਸਰਕਾਰ ਗਰੀਬ ਲੋਕਾਂ ਦੀਆਂ ਧੀਆਂ ਦੇ ਵਿਆਹ ਵਾਸਤੇ ਸ਼ਗਨ ਸਕੀਮ ਤਹਿਤ 51 ਹਜ਼ਾਰ ਰੁਪਏ ਦਿੰਦੀ ਸੀ ਪਰ ‘ਆਪ’ ਸਰਕਾਰ ਨੇ ਸਵਾ ਸਾਲ ਵਿੱਚ ਕਿਸੇ ਵੀ ਘਰ ਇੱਕ ਰੁਪਏ ਦਾ ਵੀ ਸ਼ਗਨ ਨਹੀਂ ਦਿੱਤਾ। ਇਹ ਆਟਾ ਦਾਲ ਵਿੱਚ ਵੀ ਕੱਟ ਲਾਉਣ ਲੱਗ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਗਰੀਬ ਲਾਭਪਾਤਰੀਆਂ ਦੇ ਰਾਸ਼ਨ ਕਾਰਡ ਵੀ ਕੱਟ ਦਿੱਤੇ ਗਏ ਹਨ।”ਚੰਨੀ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਸਕੂਲਾਂ ਦੇ ਸੁਧਾਰ ਦੇ ਦਾਅਵੇ ਕਰਦੀ ਹੈ ਪਰ ਜਲੰਧਰ ਹਲਕੇ ਵਿੱਚ ਇੱਕ ਵੀ ਸਕੂਲ ਅਜਿਹਾ ਨਹੀਂ ਹੈ ਜਿਸ ਵਿੱਚ ਲੋੜੀਂਦਾ ਸਟਾਫ਼ ਹੋਵੇ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਪੰਦਰਾਂ ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇੱਕ ਵੀ ਕਿਸਾਨ ਨੂੰ ਬਣਦਾ ਮੁਆਵਜ਼ਾ ਨਹੀਂ ਮਿਲਿਆ। ਚੰਨੀ ਨੇ ਕਿਹਾ ਕਿ ‘ਆਪ’ ਸਰਕਾਰ ਦੀ ਸਭ ਤੋਂ ਵੱਧ ਮਾਰ ਗਰੀਬ ਲੋਕਾਂ ‘ਤੇ ਪਈ ਹੈ। ਅਸੀਂ ਕਹਿੰਦੇ ਹਾਂ ਗਰੀਬੀ ਖਤਮ ਕਰੋ, ਪਰ ਇਹ ਕਹਿੰਦੇ ਆ ਕਿ ਗਰੀਬ ਨੂੰ ਹੀ ਖਤਮ ਕਰ ਦਿਓ।ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਨਾ ਸਿਰਫ਼ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ, ਸਗੋਂ ਸੋਸ਼ਲ ਮੀਡੀਆ ‘ਤੇ ਗੁਪਤ ਵੇਰਵੇ ਵੀ ਪੋਸਟ ਕੀਤੇ, ਜਿਸ ਕਰਕੇ ਗੈਂਗਸਟਰਾਂ ਨੇ ਉਸ ਹੋਣਹਾਰ ਗਾਇਕ ਦਾ ਕਤਲ ਕਰ ਦਿੱਤਾ।ਲੋਕਾਂ ਨੂੰ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਵੋਟ ਪਾਉਣ ਦਾ ਸੱਦਾ ਦਿੰਦਿਆਂ ਚੰਨੀ ਨੇ ਕਿਹਾ ਕਿ ਉਹ ਇੱਕ ਪੜ੍ਹੇ ਲਿਖੇ ਅਤੇ ਸਭ ਤੋਂ ਕਾਬਲ ਉਮੀਦਵਾਰ ਹਨ ਅਤੇ ਸੰਸਦ ਵਿੱਚ ਜਲੰਧਰ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਸਭ ਤੋਂ ਵਧੀਆ ਇਨਸਾਨ ਹਨ।ਵਿਧਾਇਕ ਵਿਕਰਮਜੀਤ ਚੌਧਰੀ ਨੇ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਵਿਧਾਨ ਸਭਾ ਹਲਕਾ ਫਿਲੌਰ ਲਈ ਗ੍ਰਾਂਟਾਂ ਮਨਜ਼ੂਰ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਅਰੰਭੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਦੀ ਬਜਾਏ ‘ਆਪ’ ਸਰਕਾਰ ਨੇ ਪਹਿਲਾਂ ਹੀ ਜਾਰੀ ਕੀਤੀਆਂ ਗ੍ਰਾਂਟਾਂ ਨੂੰ ਰੋਕ ਦਿੱਤਾ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਖਾਤਿਆਂ ‘ਚ ਪਿਆ ਪੈਸਾ ਵੀ ਖਰਚਣ ਨਹੀਂ ਦਿੱਤਾ।ਉਨ੍ਹਾਂ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਚੱਲ ਰਹੇ ਕੰਮਾਂ ਨੂੰ ਰੋਕ ਦਿੱਤਾ ਹੈ। ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਇੱਕ ਵੀ ਨਵੀਂ ਇੱਟ ਨਹੀਂ ਲੱਗੀ। ਕੀ ਇਸੇ ਖੋਖਲੇ ਵਿਕਾਸ ਮਾਡਲ ਦੀ ਆਮ ਆਦਮੀ ਪਾਰਟੀ ਇਸ਼ਤਿਹਾਰਬਾਜ਼ੀ ਕਰ ਰਹੀ ਹੈ? ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ, ਕਿਸਾਨਾਂ, ਔਰਤਾਂ, ਉਦਯੋਗਪਤੀਆਂ ਅਤੇ ਗਰੀਬ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਜਲੰਧਰ ਦੇ ਲੋਕ ਇਨ੍ਹਾਂ ਨੂੰ ਜ਼ਿਮਨੀ ਚੋਣ ਵਿੱਚ ਸਬਕ ਸਿਖਾਉਣਗੇ।”ਇਹਨਾਂ ਮੌਕਿਆਂ ‘ਤੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸੁਖਪਾਲ ਸਿੰਘ ਭੁੱਲਰ ਤੇ ਅੰਗਦ ਸਿੰਘ ਸੈਣੀ, ਜ਼ਿਲਾ ਪਰਿਸ਼ਦ ਤੇ ਬਲਾਕ ਸਮਿਤੀ ਦੇ ਮੈਂਬਰ, ਨਗਰ ਕੌਂਸਲਰ, ਸਰਪੰਚ ਤੇ ਪੰਚ ਹੋਰਾਂ ਸਮੇਤ ਹਾਜ਼ਰ ਸਨ।

Trident AD
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786