ਪੰਜਾਬੀ ਪੱਤਰਕਾਰੀ ‘ਚ ਧੁੰਮਾ ਪਾਉਣ ਵਾਲਾ ਪੱਤਰਕਾਰ ਰਮਨਦੀਪ ਸੋਢੀ

by Sandeep Verma
0 comment
Trident AD

ਪੰਜਾਬੀ ਪੱਤਰਕਾਰੀ ਬਹੁਤ ਮੁਸੀਬਤਾਂ ਵਿਚੋਂ ਗੁਜਰਦੀ ਹੋਈ ਅਜੋਕੇ ਮੁਕਾਮ ‘ਤੇ ਪਹੁੰਚੀ ਹੈ। ਹੱਥਾਂ ਵਾਲੇ ਛਾਪੇਖਾਨਿਆਂ ਤੋਂ ਸ਼ੁਰੂ ਹੋ ਕੇ ਅਜੋਕੇ ਸੋਸ਼ਲ ਮੀਡੀਆ ਦੇ ਯੁੱਗ ਤੱਕ ਅਨੇਕਾਂ ਦੌਰ ਪੰਜਾਬੀ ਪੱਤਰਕਾਰੀ ਨੇ ਆਪਣੇ ਪਿੰਡੇ ‘ਤੇ ਹੰਢਾਏ ਨੇ। ਜਿਵੇਂ ਜਿਵੇਂ ਤਕਨੀਕ ਦਾ ਵਿਕਾਸ ਹੋਇਆ, ਉਵੇਂ ਉਵੇਂ ਹੀ ਪੰਜਾਬੀ ਪੱਤਰਕਾਰੀ ਦਾ ਦਾਇਰਾ ਵਿਸ਼ਾਲ ਹੁੰਦਾ ਗਿਆ ਅਤੇ ਨਵੀਂ ਪੀੜ੍ਹੀ ਦੇ ਨੌਜਵਾਨ ਪੱਤਰਕਾਰ ਨਵੀਂਆਂ ਪਿਰਤਾਂ ਪਾਉਂਦੇ ਗਏ। ਅਜੋਕੀ ਤਕਨੀਕ ਦੌਰਾਨ ਡਿਜੀਟਲ ਮੀਡੀਆ ਦੇ ਯੁੱਗ ਦੀ ਗੱਲ ਕਰੀਏ ਤਾਂ ਪੰਜਾਬੀ ਪੱਤਰਕਾਰੀ ਵਿਚ ਸਭ ਤੋਂ ਸਰਗਰਮ ਨੌਜਵਾਨ ਪੱਤਰਕਾਰਾਂ ਵਿਚ ਪਹਿਲੇ ਨੰਬਰ ‘ਤੇ ਇਕ ਨਾਮ ਆਉਂਦਾ ਹੈ ਰਮਨਦੀਪ ਸਿੰਘ ਸੋਢੀ ਦਾ। ਇਸ ਪੱਤਰਕਾਰ ਦੀ ਆਮਦ ਉਸ ਦੌਰ ਵਿਚ ਹੋਈ ਜਦੋਂ ਪ੍ਰਿੰਟ ਮੀਡੀਆ ਦਾ ਪ੍ਰਭਾਵ ਤਾਂ ਸਿਖ਼ਰ ‘ਤੇ ਸੀ, ਪਰ ਇਲੈਕਟ੍ਰਾਨਿਕ ਮੀਡੀਆ ਦਾ ਉਭਾਰ ਤੇਜੀ ਨਾਲ ਹੋ ਰਿਹਾ ਸੀ। ਆਮ ਪੱਤਰਕਾਰਾਂ ਵਾਂਗ ਇਸ ਨੌਜਵਾਨ ਦਾ ਰੁਝਾਨ ਵੀ ਨਵੀਂ ਤਕਨੀਕ ਭਾਵ ਇਲੈਕਟ੍ਰਾਨਿਕ ਮੀਡੀਆ ਵੱਲ ਹੋਣਾ ਸੁਭਾਵਿਕ ਸੀ। ਪਰ ਉਸ ਵੇਲੇ ਇਹ ਨਹੀਂ ਪਤਾ ਸੀ ਕਿ ਇਸ ਨੇ ਹਿੰਦੀ ਅਤੇ ਅੰਗਰੇਜੀ ਪੱਤਰਕਾਰੀ ਦੇ ਪੂਰਨਿਆਂ ‘ਤੇ ਚੱਲਣ ਦੀ ਪਿਰਤ ਹੀ ਤੋੜ ਦੇਣੀ ਹੈ ਅਤੇ ਪੰਜਾਬੀ ਪੱਤਰਕਾਰੀ ਵਿਚ ਨਵੇਂ ਦਿਸਹੱਦੇ ਕਾਇਮ ਕਰ ਦੇਣੇ ਆ। ਅੱਜ ਰਮਨਦੀਪ ਸਿੰਘ ਸੋਢੀ ਨੇ ਪੰਜਾਬੀ ਪੱਤਰਕਾਰੀ ਵਿਚ ਜੋ ਨਵੇਂ ਰੰਗ ਭਰੇ ਹਨ, ਹੁਣ ਹਿੰਦੀ ਅਤੇ ਅੰਗਰੇਜੀ ਪੱਤਰਕਾਰੀ ਵਿਚ ਵੀ ਉਨ੍ਹਾਂ ਰੰਗਾਂ ਦੀ ਨਕਲ ਕੀਤੀ ਜਾਣ ਲੱਗੀ ਹੈ। ਰਮਨ ਸੋਢੀ ਸ਼ਾਇਦ ਅਜਿਹਾ ਪਹਿਲਾ ਨੌਜਵਾਨ ਪੱਤਰਕਾਰ ਹੈ, ਜਿਸ ਨੇ ਪੰਜਾਬ ਤੋਂ ਇਲਾਵਾ ਕੈਨੇਡਾ, ਆਸਟਰੇਲੀਆ, ਇੰਗਲੈਂਡ, ਦੁਬਈ ਵਰਗੇ ਹੋਰ ਅਨੇਕਾਂ ਦੇਸ਼ਾਂ ਵਿਚ ਵੀ ਪੰਜਾਬੀ ਪੱਤਰਕਾਰੀ ਦਾ ਲੋਹਾ ਮੰਨਵਾਇਆ ਹੈ ਅਤੇ ਪ੍ਰਸਿੱਧੀ ਹਾਸਲ ਕੀਤੀ ਹੈ। ਅੱਜ ਦੁਨੀਆਂ ਭਰ ਦੇ ਪੰਜਾਬੀ ਰਮਨ ਸੋਢੀ ਦੀ ਖੋਜ ਭਰਪੂਰ ਨਵੀਂ ਵੀਡੀਓ ਜਾਂ ਕਿਸੇ ਮਹਾਨ ਸਖਸ਼ੀਅਤ ਨਾਲ ਖਾਸ ਇੰਟਰਵਿਊ ਦੀ ਹਮੇਸ਼ਾਂ ਉਡੀਕ ਵਿਚ ਰਹਿੰਦੇ ਨੇ।ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਣਜੀਤਗੜ੍ਹ ਦੇ ਜੰਮਪਲ ਰਮਨਦੀਪ ਸਿੰਘ ਸੋਢੀ ਦੇ ਪੱਤਰਕਾਰੀ ਦੇ ਸਫਰ ਦੀ ਗੱਲ ਕਰੀਏ ਤਾਂ ਉਸ ਨੇ ਸਾਲ 2006 ਵਿਚ ਲੋਕਲ ਕੇਬਲ ਚੈਨਲ ਤੋਂ ਟੀ.ਵੀ. ਪੱਤਰਕਾਰੀ ਦੀ ਸ਼ੁਰੂਆਤ ਕੀਤੀ। ਸ੍ਰੀ ਮੁਕਤਸਰ ਸਾਹਿਬ ਵਿਖੇ ਗਰੈਜੂਏਸ਼ਨ ਕਰਦਿਆਂ ਹੀ ਉਹ ਦੂਰਦਰਸ਼ਨ ਦੇ ਪ੍ਰਸਿੱਧ ਪ੍ਰੋਗਰਾਮ ਮੇਲਾ ਮੇਲੀਆਂ ਦਾ ਨਾਲ ਜੁੜ ਗਏ। ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਨਿਰਮਲ ਸਾਧਾਂਵਾਲੀਆ ਦੇ ਸਹਿਯੋਗ ਨਾਲ ਰਮਨ ਸੋਢੀ ਨੇ ਟੀ.ਵੀ. ਪ੍ਰੋਡਕਸ਼ਨ ਵਿਚ ਇੰਨੀ ਸਖਤ ਮਿਹਨਤ ਕੀਤੀ ਕਿ ਕੁੱਝ ਮਹੀਨਿਆਂ ਵਿਚ ਹੀ ਉਸ ਦੀ ਦੂਰਦਰਸ਼ਨ ਦੇ ਹੋਰ ਪ੍ਰੋਗਰਾਮਾਂ ਵਿਚ ਵੀ ਇੰਟਰੀ ਹੋ ਗਈ। ਦੂਰਦਰਸ਼ਨ ਦੇ ਪ੍ਰੋਡਿਊਸਰ ਪ੍ਰਮਜੀਤ ਕੁਮਾਰ ਦੀ ਨਜ਼ਰ ਜਦੋਂ ਇਸ ਨੌਜਵਾਨ ਪੱਤਰਕਾਰ ‘ਤੇ ਪਈ ਤਾਂ ਉਨ੍ਹਾਂ ਨੇ ਉਸ ਨੂੰ ਪੰਜਾਬ ਦੇ ਕਿਸਾਨਾਂ ਲਈ ਵਿਸ਼ੇਸ਼ ਪ੍ਰੋਗਰਾਮ ‘ਮੇਰਾ ਪਿੰਡ ਮੇਰੇ ਖੇਤ’ ਦੀ ਐਂਕਰਿੰਗ ਦਾ ਮੌਕਾ ਦਿੱਤਾ। ਬੱਸ ਫੇਰ ਕੀ ਸੀ ਰਮਨ ਸੋਢੀ ਦੀ ਬੱਲੇ ਬੱਲੇ ਦਾ ਦੌਰ ਸ਼ੁਰੂ ਹੋ ਗਿਆ। ਉਸ ਨੇ ਮਾਲਵਾ ਖੇਤਰ ਦੇ ਪ੍ਰਸਿੱਧ ਚੈਨਲ ਪੋਥੀਮਾਲਾ ਹਲਚਲ ਵਿਚ ਨਿਊਜ਼ ਰੀਡਰ ਵਜੋਂ ਵੀ ਕੰਮ ਕੀਤਾ। ਜਦੋਂ ਰਮਨ ਦੀ ਗਰੈਜੂਏਸ਼ਨ ਦੀ ਪੜ੍ਹਾਈ ਮੁਕੰਮਲ ਹੋ ਗਈ ਤਾਂ ਉਸ ਨੇ ਚੰਡੀਗੜ੍ਹ ਦੀ ਮੀਡੀਆ ਇੰਡਸਟਰੀ ਵਿਚ ਇੰਟਰੀ ਮਾਰੀ। ਪਹਿਲਾਂ ਕੁੱਝ ਵਿਦੇਸ਼ੀ ਚੈਨਲਾਂ ਵਿਚ ਕੰਮ ਕੀਤਾ ਅਤੇ ਫੇਰ ਸਾਲ 2013 ਵਿਚ ਭਾਰਤ ਦੇ ਵੱਡੇ MCCS ਨੈਟਵਰਕ ਦੇ ਵੱਡੇ ਪੰਜਾਬੀ ਚੈਨਲ ABP ਸਾਂਝਾ ਵਿਚ ਐਂਕਰ ਕਮ ਪ੍ਰੋਡਿਊਸਰ ਵਜੋਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ। ਇਸ ਚੈਨਲ ਵਿਚ ਕੰਮ ਕਰਦਿਆਂ ਰਮਨ ਸੋਢੀ ਦੀ ਪੱਤਰਕਾਰੀ ਵਿਚ ਇੰਨਾ ਨਿਖਾਰ ਆਇਆ ਕਿ ਉਸ ਦੀ ਗਿਣਤੀ ਪੰਜਾਬ ਦੇ ਚੋਟੀ ਦੇ ਪੱਤਰਕਾਰਾਂ ਵਿਚ ਹੋਣ ਲੱਗ ਪਈ। ਉਸ ਵੇਲੇ ਟੀ.ਵੀ. ਚੈਨਲਾਂ ਦੀ ਤਾਂ ਬੱਲੇ ਬੱਲੇ ਹੁੰਦੀ ਸੀ, ਪਰ ਸੋਸ਼ਲ ਮੀਡੀਆ ਦਾ ਅਜੇ ਸ਼ੁਰੂਆਤੀ ਦੌਰ ਹੀ ਚੱਲ ਰਿਹਾ ਸੀ। ਅਚਾਨਕ ਏ.ਬੀ.ਪੀ. ਸਾਂਝਾ ਨੂੰ ਪੰਜਾਬ ਵਿਚ ਆਈ ਕਿਸੇ ਸਮੱਸਿਆ ਕਾਰਨ ਚੈਨਲ ਬੰਦ ਕਰਨਾ ਪਿਆ ਤਾਂ ਰਮਨ ਸੋਢੀ ਨੇ ਸੋਸ਼ਲ ਮੀਡੀਆ ਦੇ ਵੱਡੇ ਅਦਾਰੇ ਵਿਚ ਇੰਟਰੀ ਮਾਰੀ। ਜਲੰਧਰ ਦੇ ਇਸ ਅਦਾਰੇ ਨਾਲ ਜੁੜਨ ਨਾਲ ਰਮਨ ਸੋਢੀ ਨੂੰ ਪੱਤਰਕਾਰੀ ਵਿਚ ਨਵੇਂ ਮੀਲ ਪੱਥਰ ਕਾਇਮ ਕਰਨ ਦਾ ਮੌਕਾ ਮਿਲ ਗਿਆ। ਅਦਾਰੇ ਦੇ ਸਹਿਯੋਗ ਅਤੇ ਰਮਨ ਦੀ ਮਿਹਨਤ ਨੇ ਰੰਗ ਲਿਆਂਦਾ ਕਿ ਪੰਜਾਬ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਦੀਆਂ ਇੰਟਰਵਿਊਜ਼ ਦਾ ਸਿਲਸਲਾ ਯੂਟਿਊਬ ਅਤੇ ਫੇਸਬੁੱਕ ‘ਤੇ ਸ਼ੁਰੂ ਹੋ ਗਿਆ। ਉਸ ਵੇਲੇ ਅਜੇ 4G ਤਕਨੀਕ ਨਹੀਂ ਆਈ ਸੀ ਅਤੇ ਕੇਵਲ 2G ਨੈਟਵਰਕ ਹੀ ਚੱਲਦਾ ਸੀ। ਇਸ ਲਈ ਇੰਟਰਨੈਟ ਦੀ ਘੱਟ ਸਪੀਡ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਰਮਨ ਸੋਢੀ ਵਲੋਂ ਕੀਤੀਆਂ ਵੱਖ ਵੱਖ ਸਖਸ਼ੀਅਤਾਂ ਨਾਲ ਮੁਲਾਕਾਤਾਂ ਦੇਖਣ ਦੀ ਆਦਤ ਪੈ ਗਈ। ਰਮਨ ਦਾ ਗੱਲਬਾਤ ਕਰਨ ਦਾ ਲਹਿਜ਼ਾ ਅਤੇ ਤਿੱਖੇ ਸਵਾਲਾਂ ਦੀ ਝੜੀ ਲੋਕਾਂ ਨੂੰ ਇੰਨੀ ਪਸੰਦ ਆਈ ਕਿ ਥੋੜੇ ਸਮੇਂ ਵਿਚ ਹੀ ਰਮਨ ਸੋਢੀ ਸੋਸ਼ਲ ਮੀਡੀਆ ‘ਤੇ ਛਾ ਗਿਆ। ਇਕੱਲੇ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਲੋਕ ਰਮਨ ਸੋਢੀ ਦੇ ਫੈਨ ਬਨਣ ਲੱਗੇ। ਇਹ ਸਚਮੁੱਚ ਪੰਜਾਬੀ ਪੱਤਰਕਾਰੀ ‘ਚ ਲੀਡਰਾਂ ਦੀ ਖਿਚਾਈ ਅਤੇ ਦਿਲਚਸਪ ਪ੍ਰੋਗਰਾਮਾ ਦਾ ਡੈਬਿਊ ਸੀ ਜਿਸਨੂੰ ਰਮਨ ਨੇ ਸ਼ੁਰੂ ਕੀਤਾ। ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਰਮਨ ਸੋਢੀ ਨੂੰ ਵਿਸ਼ੇਸ਼ ਤੌਰ ‘ਤੇ ਵਿਦੇਸ਼ਾਂ ਵਿਚ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਵਿਦੇਸ਼ਾਂ ਵਿਚ ਬੈਠੀਆਂ ਸਖਸ਼ੀਅਤਾਂ ਨੂੰ ਵੀ ਰਮਨ ਸੋਢੀ ਨੇ ਆਮ ਪੰਜਾਬੀਆਂ ਦੇ ਰੂਬਰੂ ਕੀਤਾ। ਇੰਨੇ ਸਮੇਂ ਤੱਕ 4G ਨੈਟਵਰਕ ਤਕਨੀਕ ਆ ਗਈ ਅਤੇ ਇੰਟਰਨੈੱਟ ਦੀ ਸਪੀਡ ਵਧਣ ਨਾਲ ਲੋਕ ਟੀ.ਵੀ. ਨੂੰ ਛੱਡ ਕੇ ਸੋਸ਼ਲ ਮੀਡੀਆ ਨਾਲ ਜੁੜਨ ਲੱਗੇ। ਰਮਨ ਸੋਢੀ ਨੇ ‘ਨੇਤਾ ਜੀ ਸਤਿ ਸ੍ਰੀ ਅਕਾਲ’ ਅਤੇ ‘ਜਨਤਾ ਦੀ ਸੱਥ’ ਸ਼ੁਰੂ ਕੀਤੇ ਤਾਂ ਇਹ ਪ੍ਰੋਗਰਾਮ ਲੋਕਾਂ ਦੀ ਪਹਿਲੀ ਪਸੰਦ ਬਣ ਗਏ।ਗਲੋਬਲ ਪੰਜਾਬੀ ਡਿਜੀਟਲ ਪੱਤਰਕਾਰੀ ਵਿਚ ਭੁਚਾਲ ਲਿਆਉਣ ਵਾਲੇ ਰਮਨਦੀਪ ਸਿੰਘ ਸੋਢੀ ਦੀ ਪੰਜਾਬ ਤੋਂ ਬਾਹਰ ਪਹਿਲੀ ਅਸਾਈਨਮੈਂਟ ਵੀ ਨਿਪਾਲ ਵਿਚ ਆਏ ਭੁਚਾਲ ਕਾਰਨ ਹੋਏ ਨੁਕਸਾਨ ਦੀ ਕਵਰੇਜ਼ ਹੀ ਸੀ। ਰਮਨ ਸੋਢੀ ਨੇ ਨੇਪਾਲ ਦੇ ਭੁਚਾਲ ਨੂੰ ਇਸ ਢੰਗ ਨਾਲ ਲੋਕਾਂ ਅੱਗੇ ਪੇਸ਼ ਕੀਤਾ ਕਿ ਉਸਦੀ ਪਛਾਣ ਇੰਟਰਨੈਸ਼ਨਲ ਪੱਧਰ ‘ਤੇ ਹੋਣ ਲੱਗ ਪਈ। ਇਸੇ ਦੌਰਾਨ ਹੀ ਦੁਬਈ ਵਿਖੇ 11 ਭਾਰਤੀ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਅਤੇ ਦੁਬਈ ਵਿਚ ਪੰਜਾਬੀ ਕਾਰੋਬਾਰੀ ਸਖਸ਼ੀਅਤ ਡਾ. ਐਸ.ਪੀ. ਸਿੰਘ ਉਬਰਾਏ ਨੇ ਬਲੱਡ ਮਨੀ ਦੇ ਕੇ ਇਨ੍ਹਾਂ ਨੌਜਵਾਨਾਂ ਦੀ ਜਾਨ ਬਚਾਈ। ਇਸਦੀ ਕਵਰੇਜ਼ ਕਰਨ ਲਈ ਰਮਨ ਸੋਢੀ ਦੀ ਡਿਊਟੀ ਲੱਗੀ ਅਤੇ ਰਮਨ ਦੁਬਈ ਚਲਾ ਗਿਆ। ਉਥੇ ਜਾ ਕੇ ਉਸ ਨੇ ਫਾਂਸੀ ਤੋਂ ਬਚੇ ਨੌਜਵਾਨਾਂ ਦੇ ਤਜ਼ਰਬੇ ਤਾਂ ਲੋਕਾਂ ਨਾਲ ਸਾਂਝੇ ਕੀਤੇ ਹੀ, ਇਸਦੇ ਨਾਲ ਹੀ ਦੁਬਈ ਵਿਚ ਲੇਬਰ ਕਾਲਸ ਦੀਆਂ ਜ਼ਮੀਨੀ ਹਕੀਕਤਾਂ ਵੀ ਡਿਜੀਟਲ ਮੀਡੀਆ ਰਾਹੀਂ ਲੋਕਾਂ ਸਾਹਮਣੇ ਲਿਆਂਦੀਆਂ। ਦੁਬਈ ਵਿਚ ਕਿਸੇ ਪੰਜਾਬੀ ਪੱਤਰਕਾਰ ਵਲੋਂ ਉਭਾਰੇ ਗਏ ਚੰਗੇ ਮਾੜੇ ਪੱਖਾਂ ਦਾ ਸਿਲਸਲਾ ਇਸ ਤੋਂ ਪਹਿਲਾਂ ਕਿਤੇ ਨਜ਼ਰ ਨਹੀਂ ਆਉਂਦਾ।ਇਸ ਵੇਲੇ ਤੱਕ ਵਿਦੇਸ਼ਾਂ ਵਿਚ ਰਮਨ ਸੋਢੀ ਦੇ ਪ੍ਰਸੰਸਕਾਂ ਦੀ ਗਿਣਤੀ ਬਹੁਤ ਵਧ ਚੁੱਕੀ ਸੀ। ਇਸੇ ਲਈ ਇੰਗਲੈਂਡ ਵਿਚ ਹੋਈਆਂ ਚੋਣਾ ਦੀ ਕਵਰੇਜ਼ ਕਰਨ ਲਈ ਰਮਨ ਸੋਢੀ ਇੰਗਲੈਂਡ ਪਹੁੰਚ ਗਿਆ ਅਤੇ ਉਥੇ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤਾਂ ਦਾ ਸਿਲਸਲਾ ਸ਼ੁਰੂ ਕੀਤਾ। ਇਸ ਦੌਰਾਨ ਇੰਗਲੈਂਡ ਵਿਚ ਭਾਰਤੀ ਮੂਲ ਦੇ ਲੋਕਾਂ ਵਲੋਂ ਲਗਾਏ ਜਾਂਦੇ ਮੇਲਿਆਂ ਨੂੰ ਵੀ ਕਵਰ ਕੀਤਾ। ਉਸ ਨੇ ਇੰਗਲੈਂਡ ਵਿਚ ਸਿੱਖਾਂ ਦੀ ਮੁੱਖ ਗੇਮ ਗੱਤਕਾ ਮੁਕਾਬਲਿਆਂ ਨੂੰ ਵੀ ਡਿਜੀਟਲ ਮੀਡੀਆ ਰਾਹੀਂ ਦੁਨੀਆਂ ਵਿਚ ਉਭਾਰਿਆ। ਉਸ ਤੋਂ ਬਾਅਦ ਵੀ ਰਮਨ ਸੋਢੀ ਨੇ ਵੱਖ ਵੱਖ ਮੌਕਿਆਂ ‘ਤੇ ਇੰਗਲੈਂਡ ਵਿਚ ਜਾ ਕੇ ਆਪਣੀ ਪੱਤਰਕਾਰੀ ਦਾ ਲੋਹਾ ਮੰਨਵਾਇਆ।ਇਸ ਤੋਂ ਬਾਅਦ ਵਾਰੀ ਆਈ ਆਸਟਰੇਲੀਆ ਵਿਚ ਬੈਠੇ ਭਾਰਤੀ ਮੂਲ ਕੇ ਲੋਕਾਂ ਦੀ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਆਸਟਰੇਲੀਆਂ ਵਿਚ ਕਰਵਾਈਆਂ ਜਾਂਦੀਆਂ ਸਿੱਖ ਖੇਡਾਂ ਦੀ ਕਵਰੇਜ਼ ਲਈ ਰਮਨਦੀਪ ਸਿੰਘ ਸੋਢੀ ਨੂੰ ਬੁਲਾਵਾ ਭੇਜਿਆ। ਅਦਾਰੇ ਦੇ ਸਹਿਯੋਗ ਨਾਲ ਰਮਨ ਆਸਟਰੇਲੀਆ ਪਹੁੰਚ ਗਿਆ ਤਾਂ ਉਥੇ ਸਿੱਖ ਖੇਡਾਂ ਦੀ ਕਵਰੇਜ਼ ਦੇ ਨਾਲ ਉਥੇ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਦੀਆਂ ਪ੍ਰਾਪਤੀਆਂ ਅਤੇ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ। ਇਸ ਤੋਂ ਬਾਅਦ ਆਸਟਰੇਲੀਆ ਵਿਚ ਜਦੋਂ ਵੀ ਕੋਈ ਵਿਸ਼ੇਸ਼ ਈਵੈਂਟ ਹੁੰਦਾ ਹੈ ਤਾਂ ਰਮਨ ਸੋਢੀ ਉਸਦੀ ਕਵਰੇਜ਼ ਲਈ ਸਭ ਤੋਂ ਪਹਿਲਾਂ ਪਹੁੰਚ ਜਾਂਦਾ ਹੈ, ਕਿਉਂਕਿ ਆਸਟਰੇਲੀਆ ਬੈਠੇ ਪੰਜਾਬੀ ਉਸ ਨੂੰ ਆਪਣਾ ਪੱਤਰਕਾਰ ਸਮਝਣ ਲੱਗ ਪਏ ਨੇ।ਇਸੇ ਤਰਾਂ ਕੈਨੇਡਾ ਵਿਚ ਵੀ ‘ਕੈਨੇਡਾ ਡੇਅ ਮੇਲਾ 2019’ ਦੀ ਸ਼ਾਨਦਾਰ ਕਵਰੇਜ਼ ਕਰਨ ਤੋਂ ਬਾਅਦ ਰਮਨ ਸੋਢੀ ਨੂੰ ਕੈਨੇਡਾ ਦੀਆਂ ਵੱਖ ਵੱਖ ਸੰਸਥਾਵਾਂ ਦੇ ਬੁਲਾਵੇ ਆਉਣੇ ਸ਼ੁਰੂ ਹੋ ਗਏ। ਹੁਣ ਤੱਕ ਉਹ ਕੈਨੇਡਾ ਦੇ ਕਈ ਗੇੜੇ ਲਗਾ ਚੁੱਕਾ ਹੈ ਅਤੇ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਪੰਜਾਬੀਆਂ ਦੀਆਂ ਸਰਗਰਮੀਆਂ ਨੂੰ ਆਪਣੇ ਵੱਖਰੇ ਅੰਦਾਜ਼ ਵਿਚ ਦਰਸ਼ਕਾਂ ਦੇ ਰੂਬਰੂ ਕਰ ਚੁੱਕਾ ਹੈ। ਇਸੇ ਕਰਕੇ ਹੀ ਰਮਨਦੀਪ ਸਿੰਘ ਸੋਢੀ ਨੂੰ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।ਰਮਨਦੀਪ ਸਿੰਘ ਸੋਢੀ ਪਹਿਲਾ ਪੰਜਾਬੀ ਪੱਤਰਕਾਰ ਹੈ ਜਿਸ ਨੇ ਵੱਖ ਵੱਖ ਧਾਰਮਿਕ, ਸਮਾਜਿਕ, ਖੇਤੀਬਾੜੀ ਅਤੇ ਰਾਜਨੀਤੀ ਨਾਲ ਸਬੰਧਿਤ ਸਖ਼ਸ਼ੀਅਤਾਂ ਨਾਲ ਸਭ ਤੋਂ ਵੱਧ ਇੰਟਰਵਿਊਜ਼ ਕੀਤੀਆਂ ਅਤੇ ਸਭ ਤੋਂ ਵੱਧ ਦੇਸ਼ਾਂ ਵਿਚ ਜਾ ਕੇ ਕਵਰੇਜ਼ ਕੀਤੀ। ਰਮਨ ਦਾ ਬੇਬਾਕੀ ਨਾਲ ਸਵਾਲ ਪੁੱਛਣਾ ਅਤੇ ਲੀਡਰਾਂ ਨੂੰ ਗਰਿੱਲ ਕਰਨਾ ਲੋਕਾਂ ਨੂੰ ਇੰਨਾ ਪਸੰਦ ਆਇਆ ਕਿ ਅੱਜ ਡਿਜੀਟਲ ਮੀਡੀਆ ਦੇ ਯੁੱਗ ਵਿਚ ਪੰਜਾਬੀ ਪੱਤਰਕਾਰਾਂ ਵਿਚੋਂ ਰਮਨਦੀਪ ਸਿੰਘ ਸੋਢੀ ਦੇ ਸਭ ਤੋਂ ਵੱਧ ਫਾਲੋਅਰ ਹਨ ਅਤੇ ਪੰਜਾਬੀ ਪੱਤਰਕਾਰੀ ਦੇ ਹਰ ਖੇਤਰ ਵਿਚ ਅੰਤਰ ਰਾਸ਼ਟਰੀ ਪੱਧਰ ‘ਤੇ ਸਭ ਤੋਂ ਵੱਡਾ ਨਾਮ ਹੈ ਰਮਨਦੀਪ ਸਿੰਘ ਸੋਢੀ। ਪ੍ਰਮੁੱਖ ਰਾਜਸੀ ਨੇਤਾਵਾਂ ਤੋਂ ਲੈ ਕੇ ਦਲਜੀਤ ਦੋਸਾਂਝ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ ਵਰਗੇ ਅਦਾਕਾਰਾਂ ਦੀ ਪਹਿਲੀ ਪਸੰਦ ਬਣ ਗਿਆ ਹੈ ਪੱਤਰਕਾਰ ਰਮਨਦੀਪ ਸਿੰਘ ਸੋਢੀ। ਸ਼ਾਲਾ ਉਹ ਭਵਿੱਖ ਵਿਚ ਹੋਰ ਤਰੱਕੀਆਂ ਕਰੇ ਅਤੇ ਇਸੇ ਤਰਾਂ ਪੰਜਾਬੀ ਪੱਤਰਕਾਰੀ ਦੀ ਵੱਖਰੀ ਪਛਾਣ ਕਾਇਮ ਰੱਖਣ ਵਿਚ ਕਾਮਯਾਬ ਰਹੇ।

Trident AD
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786