ਜਲੰਧਰ/ਫਿਲੌਰ : ਲੁਧਿਆਣਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਸਭ ਤੋਂ ਬਿਹਤਰੀਨ ਸੰਸਦ ਮੈਂਬਰਾਂ ਵਿੱਚੋਂ ਇੱਕ ਸਨ ਅਤੇ ਉਹਨਾਂ ਨੇ ਹਮੇਸ਼ਾ ਲੋਕ ਸਭਾ ਵਿੱਚ ਜਨਤਾ ਦੀ ਭਲਾਈ ਨਾਲ ਸਬੰਧਤ ਮੁੱਦੇ ਉਠਾਏ।ਸਾਂਸਦ ਬਿੱਟੂ ਨੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੇ ਨਾਲ ਫਿਲੌਰ ਵਿਧਾਨ ਸਭਾ ਹਲਕੇ ਦੇ ਪਿੰਡ ਧੁਲੇਤਾ, ਰਾਜਪੁਰਾ, ਗੜ੍ਹੀ ਮਹਾਂ ਸਿੰਘ ਅਤੇ ਤਰਖਾਣ ਮਜਾਰਾ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਚੌਧਰੀ ਸੰਤੋਖ ਸਿੰਘ ਨਾਲ ਲਗਭਗ 9 ਸਾਲ ਲੋਕ ਸਭਾ ਵਿੱਚ ਰਹੇ ਅਤੇ ਸੇਵਾ ਕੀਤੀ ਅਤੇ ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ।ਉਹਨਾਂ ਆਖਿਆ, “ਚੌਧਰੀ ਸਾਹਿਬ ਇੱਕ ਅਜਿਹੇ ਰਾਜਨੇਤਾ ਸਨ ਜਿਨ੍ਹਾਂ ਨੂੰ ਨਾ ਸਿਰਫ਼ ਆਪਣੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਮਿਲਿਆ, ਸਗੋਂ ਸੰਸਦ ਵਿੱਚ ਸਾਰਿਆਂ ਪਾਰਟੀਆਂ ਦੇ ਆਗੂ ਵੀ ਉਹਨਾਂ ਦਾ ਬਹੁਤ ਅਦਬ ਸਤਿਕਾਰ ਕਰਦੇ ਸਨ। ਉਹ ਹਮੇਸ਼ਾ ਲੋਕ ਭਲਾਈ, ਖਾਸ ਕਰਕੇ ਸਮਾਜ ਦੇ ਹਾਸ਼ੀਏ ‘ਤੇ ਬੈਠੇ ਅਤੇ ਦੱਬੇ-ਕੁਚਲੇ ਵਰਗਾਂ ਦੀ ਭਲਾਈ ਲਈ ਚਿੰਤਤ ਰਹਿੰਦੇ ਸਨ। ਉਹ ਇੱਕ ਸਰਗਰਮ ਸੰਸਦ ਮੈਂਬਰ ਸਨ ਤੇ ਉਹਨਾਂ ਨੇ ਲੋਕ ਸਭਾ ਵਿੱਚ ਬਹੁਤ ਸਾਰੇ ਮੁੱਦੇ ਉਠਾਏ ਅਤੇ ਅਸੀਂ ਇਕੱਠੇ ਕੇਂਦਰ ਸਰਕਾਰ ਦੀਆਂ ਬੇਇਨਸਾਫੀਆਂ ਵਿਰੁੱਧ ਬਹੁਤ ਸਾਰੇ ਵਿਰੋਧ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਲਿਆ।”ਉਨ੍ਹਾਂ ਨੇ ਅੱਗੇ ਕਿਹਾ ਕਿ ਚੌਧਰੀ ਸੰਤੋਖ ਸਿੰਘ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਬਿੱਲਾਂ ਦਾ ਵਿਰੋਧ ਕਰਨ ਵਾਲੇ ਪਹਿਲੇ ਸਾਂਸਦਾਂ ਵਿੱਚ ਸ਼ਾਮਲ ਸਨ। ਕਿਸਾਨਾਂ ਦੇ ਮੁੱਦਿਆਂ ਨਾਲ ਉਹਨਾਂ ਦਾ ਲਗਾਅ ਸੀ ਅਤੇ ਉਨ੍ਹਾਂ ਨੇ ਘੱਟੋ-ਘੱਟ ਸਮਰਥਨ ਮੁੱਲ ਅਤੇ ਫਸਲੀ ਵਿਭਿੰਨਤਾ ਦੇ ਮੁੱਦੇ ਸੰਸਦ ਵਿੱਚ ਕਈ ਵਾਰ ਉਠਾਏ ਸਨ।ਲੋਕਾਂ ਨੂੰ ਜ਼ਿਮਨੀ ਚੋਣ ਵਿੱਚ ਕਰਮਜੀਤ ਕੌਰ ਚੌਧਰੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਦੁਖਦਾਈ ਦਿਹਾਂਤ ਤੋਂ ਬਾਅਦ ਜਲੰਧਰ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਸਤੇ ਉਹ ਸਭ ਤੋਂ ਵੱਧ ਪੜ੍ਹੇ ਲਿਖੇ ਅਤੇ ਤਜ਼ਰਬੇਕਾਰ ਉਮੀਦਵਾਰ ਹਨ।ਉਹਨਾਂ ਆਖਿਆ, “ਜਲੰਧਰ ਦੇ ਲੋਕ ਅਜਿਹੇ ਸੰਸਦ ਮੈਂਬਰ ਦੇ ਹੱਕਦਾਰ ਹਨ ਜੋ ਉਨ੍ਹਾਂ ਦੇ ਮੁੱਦੇ ਸੰਸਦ ਵਿੱਚ ਚੌਧਰੀ ਸਾਹਿਬ ਵਾਲੇ ਜਜ਼ਬੇ ਅਤੇ ਹਮਦਰਦੀ ਨਾਲ ਉਠਾ ਸਕਣ ਅਤੇ ਮੈਨੂੰ ਇਸ ਕੰਮ ਲਈ ਕਰਮਜੀਤ ਕੌਰ ਚੌਧਰੀ ਜੀ ਤੋਂ ਵੱਧ ਕਾਬਲ ਕੋਈ ਨਹੀਂ ਦਿਸਦਾ। ਹਰ ਕਿਸੇ ਨੂੰ ਵੋਟਿੰਗ ਵਾਲੇ ਦਿਨ ਉਨ੍ਹਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਅਤੇ ਚੌਧਰੀ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ।”







