ਜਲੰਧਰ : ਲੋਕ ਸਭਾ ਜ਼ਿਮਨੀ ਚੋਣ ਲਈ ਆਪਣੇ ਪ੍ਰਚਾਰ ਦੀ ਸਮਾਪਤੀ ਮੌਕੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਸੋਮਵਾਰ ਨੂੰ ਵੋਟਰਾਂ ਨੂੰ ਭਾਵੁਕ ਅਪੀਲ ਕਰਦਿਆਂ 10 ਮਈ ਨੂੰ ਕਾਂਗਰਸ ਨੂੰ ਵੋਟ ਪਾ ਕੇ ਸਾਬਕਾ ਸੰਸਦ ਮੈਂਬਰ ਸਵਰਗਵਾਸੀ ਸੰਤੋਖ ਸਿੰਘ ਚੌਧਰੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਆਖਿਆ।ਜਲੰਧਰ ਸੰਸਦੀ ਹਲਕੇ ਦੇ ਅੱਪਰਾ, ਫਿਲੌਰ, ਗੁਰਾਇਆ, ਜਲੰਧਰ ਪੱਛਮੀ ਅਤੇ ਹੋਰ ਇਲਾਕਿਆਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਫਿਲੌਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਸਮੇਤ ਪਾਰਟੀ ਆਗੂਆਂ ਨਾਲ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਰਮਜੀਤ ਕੌਰ ਚੌਧਰੀ ਨੇ ਸੰਤੋਖ ਸਿੰਘ ਚੌਧਰੀ ਦੇ ਇੱਕ ਖੁਸ਼ਹਾਲ ਜਲੰਧਰ ਸਿਰਜਣ ਦੇ ਸੁਪਨੇ ਨੂੰ ਦੁਹਰਾਇਆ।. . ਆਪਣੇ ਭਾਵੁਕ ਸੰਬੋਧਨ ਵਿੱਚ ਉਹਨਾਂ ਨੇ ਆਪਣੇ ਮਰਹੂਮ ਪਤੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਵਿਰਾਸਤ ਅਤੇ ਅਧੂਰੇ ਸੁਪਨਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਚੌਧਰੀ ਸੰਤੋਖ ਸਿੰਘ ਜ਼ਿੰਦਗੀ ਭਰ ਦੱਬੇ ਕੁਚਲੇ ਸਮਾਜ ਦੀ ਤਰੱਕੀ ਲਈ ਕੰਮ ਕਰਦੇ ਰਹੇ ਅਤੇ ਜਲੰਧਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਰਹੇ। ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਅਧੂਰੇ ਰਹੇ ਕੰਮਾਂ ਨੂੰ ਜਾਰੀ ਰੱਖਣ ਲਈ ਸਖਤ ਮਿਹਨਤ ਕਰਨਗੇ ਅਤੇ ਜਲੰਧਰ ਲਈ ਉਹਨਾਂ ਦੇ ਦੇਖੇ ਸੁਪਨੇ ਸਾਕਾਰ ਕਰਨਗੇ।ਉਨ੍ਹਾਂ ਨੇ ਜਲੰਧਰ ਹਲਕੇ ਦੇ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ, ”ਮੈਂ ਅੱਜ ਤੁਹਾਡੇ ਸਾਹਮਣੇ ਭਾਰੀ ਦਿਲ ਨਾਲ ਖੜ੍ਹੀ ਹਾਂ ਪਰ ਨਾਲ ਹੀ ਆਪਣੇ ਮਰਹੂਮ ਪਤੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਜੀ ਦੀ ਵਿਰਾਸਤ ਨੂੰ ਜਾਰੀ ਰੱਖਣ ਲਈ ਦ੍ਰਿੜ੍ਹ ਇਰਾਦਾ ਵੀ ਰੱਖਦੀ ਹਾਂ। ਤੁਹਾਡੇ ਸਾਰਿਆਂ ਦੀ ਸੇਵਾ ਕਰਨਾ ਹੀ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਹੈ। ਮੈਂ ਹਰ ਵੋਟਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਪੋਲਿੰਗ ਵਾਲੇ ਦਿਨ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦੇਣ।”ਚੋਣ ਮੁਹਿੰਮ ਦੀ ਸਮਾਪਤੀ ਦੇ ਸਮੇਂ ਕਰਮਜੀਤ ਕੌਰ ਚੌਧਰੀ ਨੇ ਜਲੰਧਰ ਦੇ ਲੋਕਾਂ ਦਾ ਭਰਵੇਂ ਸਮਰਥਨ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ 10 ਮਈ ਨੂੰ ਆਪਣੇ ਵੋਟ ਦੇ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਆਖਿਆ ਕਿ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਜਲੰਧਰ ਨਿਵਾਸੀਆਂ ਦੀ ਤਰੱਕੀ ਲਈ ਮਿਹਨਤ ਕਰਾਂਗੇ ਤੇ ਇਸ ਨੂੰ ਸਭ ਤੋਂ ਵਧੀਆ ਸੰਸਦੀ ਹਲਕਾ ਬਣਾਵਾਂਗੇ।