ਜਲੰਧਰ/ਆਦਮਪੁਰ : ਆਦਮਪੁਰ ਦੇ ਹਵਾਈ ਅੱਡੇ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਰੱਖਿਆ ਜਾਵੇਗਾ ‘ਤੇ ਇਸ ਹਵਾਈ ਅੱਡੇ ਨੂੰ ਕਾਰਗੋ ਵੀ ਬਣਾਇਆ ਜਾਵੇਗਾ। ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਆਦਮਪੁਰ ਵਿੱਚ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਹੇਠ ਹੋਈਆਂ ਭਰਵੀਂਆਂ ਚੋਣ ਮੀਟਿੰਗਾਂ ਦੌਰਾਨ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ। ਸ. ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਦੂਸਰੀ ਫੇਰੀ ਦੌਰਾਨ ਆਦਮਪੁਰ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ ‘ਤੇ ਇੰਨ੍ਹਾਂ ਮੀਟਿੰਗਾਂ ਵਿੱਚ ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਫ਼ਤਵਾ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਤੋਂ ਇਲਾਵਾ ਸਾਬਕਾ ਮੰਤਰੀ ਕਮਲਜੀਤ ਸਿੰਘ ਲਾਲੀ ਵੀ ਮੌਜੂਦ ਰਹੇ। ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਦਮਪੁਰ ਹਵਾਈ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਰੱਖਿਆ ਹੀ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਅੱਜ ਇਸ ਹਵਾਈ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਣ ਦੀਆਂ ਗੱਲਾਂ ਕਰਨ ਵਾਲੀ ਭਾਜਪਾ ਨੇ ਆਪਣੇ 10 ਸਾਲ ਦੇ ਕਾਰਜਕਾਲ ਵਿੱਚ ਇਸ ਹਵਾਈ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਕਿਉਂ ਨਹੀਂ ਰੱਖਿਆ ਜਦ ਕਿ ਇਸ ਸਬੰਧੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਮਤਾ ਵੀ ਪਾਸ ਕਰਕੇ ਵੀ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ। ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਹਵਾਈ ਅੱਡੇ ਨੂੰ ਕਾਰਗੋ ਵੀ ਬਣਾਉਣ ਲਈ ਕੰਮ ਕੀਤਾ ਜਾਵੇਗਾ ਤਾਂ ਜੋ ਇੱਥੋਂ ਦੇ ਖੇਡ ਉਦਯੋਗ ਨੂੰ ਉਸਦਾ ਫ਼ਾਇਦਾ ਮਿਲ ਸਕੇ ਅਤੇ ਜਿਸ ਨਾਲ ਇਥੇ ਰੁਜ਼ਗਾਰ ਦੇ ਸਾਧਨ ਵੀ ਪੈਦਾ ਹੋਣਗੇ। ਸ.ਚੰਨੀ ਅੱਗੇ ਆਪਣੇ ਸੰਬੋਧਨ ਵਿਚ ਕਿਹਾ ਨੇ ਕਿ ਜਲੰਧਰ ਹਲਕੇ ਵਿੱਚ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੇ ਨਾਮ ਉੱਤੇ ਵਿਸ਼ਵ ਪੱਧਰੀ ਯੂਨੀਵਰਸਿਟੀ ਖੋਲ੍ਹੀ ਜਾਵੇਗੀ, ਜਿਸਦਾ ਇੱਥੋਂ ਦੇ ਵਿਦਿਆਰਥੀਆਂ ਨੂੰ ਵੱਡਾ ਫ਼ਾਇਦਾ ਮਿਲੇਗਾ। ਉਹਨਾਂ ਅੱਗੇ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੰਮ ਕਰਨਾ ਇਸ ਹਲਕੇ ਲਈ ਬਹੁਤ ਜ਼ਰੂਰੀ ਹੈ ਤੇ ਇਹ ਕੰਮ ਉਹਨਾਂ ਦੀ ਪਹਿਲਕਦਮੀ ਰਹਿਣਗੇ। ਇਸ ਦੌਰਾਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਦੇ ਮੁੱਖ ਮੰਤਰੀ ਰਹਿੰਦਿਆਂ ਹੀ ਆਦਮਪੁਰ ਨੂੰ ਸਬ- ਡਵੀਜ਼ਨ ਬਣਾਇਆ ਗਿਆ ਸੀ ਅਤੇ ਜਦ ਕਿ 68 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਬਣਾਉਣ ਦੇ ਨਾਲ ਨਾਲ 15 ਕਰੋੜ ਰੁਪਏ ਪਿੰਡਾਂ ਦੇ ਵਿਕਾਸ ਲਈ ਵੀ ਦਿੱਤੇ ਸਨ। ਉਹਨਾਂ ਕਿਹਾ ਕਿ ਇਸ ਹਲਕੇ ਵਿੱਚਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਨਾਮ ਤੇ ਸਰਕਾਰੀ ਕਾਲਜ ਵੀ ਬਣਾਇਆ ਗਿਆ ਹੈ। ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁਰਗੀ ਦੇ ਆਂਡਿਆਂ ਤੱਕ ਦਾ ਮੁਆਵਜ਼ਾ ਦੇਣ ਦੇ ਬਿਆਨ ਦੇਣ ਵਾਲੇ ਗੱਪੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਹੜ੍ਹਾ ਦੌਰਾਨ ਤੇ ਮੀਂਹ ਦੌਰਾਨ ਹੋਏ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਅੱਜ ਤੱਕ ਨਹੀਂ ਦਿੱਤਾ। ਸ. ਚੰਨੀ ਨੇ ਕਿਹਾ ਕਿ ਮੇਰੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਡੇਰਾ ਸੱਚਖੰਡ ਬੱਲਾਂ ਵਿਖੇ ਉਹਨਾਂ ਵੱਲੋਂ 100 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਅੰਮ੍ਰਿਤ ਬਾਣੀ ਅਧਿਐਨ ਸੈਂਟਰ ਬਣਾਉਣ ਲਈ 25 ਕਰੋੜ ਦਾ ਚੈੱਕ ਵੀ ਦੇ ਦਿੱਤਾ ਗਿਆ ਸੀ ਜਿਸ ਦੀ ਰਾਸ਼ੀ ਰੀਲੀਜ਼ ਹੋ ਕੇ ਡਿਪਟੀ ਕਮਿਸ਼ਨਰ ਜਲੰਧਰ ਵਾਲੀ ਕਮੇਟੀ ਦੇ ਖਾਤੇ ਵਿੱਚ ਆ ਵੀ ਗਈ ਸੀ, ਪਰ ਮਸ਼ਹੂਰੀਆਂ ਵਾਲੀ ਭਗਵੰਤ ਮਾਨ ਦੀ ਸਰਕਾਰ ਨੇ ਇਸਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਅਤੇ ਜਲੰਧਰ ਦੀ ਜ਼ਿਮਨੀ ਚੋਣਾਂ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਸ ਰਕਮ ਨੂੰ ਵਾਪਸ ਮੰਗਵਾ ਕੇ ਮੁੜ ਤੋਂ ਡਰਾਮਾ ਕਰਕੇ ਉਸ ਚੈੱਕ ਨੂੰ ਦੁਬਾਰਾ ਦੇਣ ਲਈ ਡੇਰਾ ਸੱਚਖੰਡ ਬੱਲਾਂ ਆਏ ਪਰ ਇਸਦੇ ਬਾਵਜੂਦ ਵੀ ਅਜੇ ਤੱਕ ਇੱਕ ਰੁਪਏ ਦਾ ਵੀ ਕੋਈ ਕੰਮ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ, ਪਰ ਹੁਣ ਦਲਿਤ ਡਿਪਟੀ ਮੁੱਖ ਮੰਤਰੀ ਬਣਾਉਣ ਦੇ ਵਾਅਦੇ ਨੂੰ ਯਾਦ ਕਰਵਾਉਣ ਤੇ ਢੋਂਗੀ ਮੁੱਖ ਮੰਤਰੀ ਨੇ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਪੰਜਾਬ ਦੀ ਵਿਧਾਨ ਸਭਾ ਵਿਚ ਅਪਮਾਨ ਕੀਤਾ। ਸ. ਚੰਨੀ ਨੇ ਕਿਹਾ ਕਿ ਉਸ ਅਪਮਾਨ ਦਾ ਬਦਲਾ ਹੁਣ 1 ਜੂਨ ਨੂੰ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨੇ ਦਲਿਤ ਉਪ ਮੁੱਖ ਮੰਤਰੀ ਤਾਂ ਕੀ ਬਣਾਉਣਾ ਸੀ ਸਗੋਂ ਇੰਨ੍ਹਾਂ ਨੇ ਆਪਣੇ ਹੀ ਦਲਿਤ ਤੇ ਹੋਰ ਵਿਧਾਇਕਾਂ ਦੀਆਂ ਪਾਵਰਾਂ ਵੀ ਖੋਹ ਲਈਆਂ ਗਈਆਂ। ਇਸ ਮੌਕੇ ‘ਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਲਈ ਸਟੈਂਡ ਲੈ ਕੇ ਦਿਖਾਇਆ ਹੈ ਤੇ ਹਮੇਸ਼ਾ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਨਾਲ ਖੜੇ ਹੋਏ ਹਨ। ਉਹਨਾਂ ਕਿਹਾ ਕਿ ਅਸੀਂ ਪਾਰਟੀ ਤੋਂ ਮੰਗ ਕੇ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲੈ ਕੇ ਆਏ ਹਾਂ ਤੇ ਇੱਥੋਂ ਦੇ ਲੋਕ ਚਰਨਜੀਤ ਸਿੰਘ ਚੰਨੀ ਨੂੰ ਲੋਕ ਸਭਾ ਵਿੱਚ ਭੇਜਣ ਲਈ ਤਿਆਰ ਬੈਠੇ ਹਨ। ਵਿਧਾਇਕ ਕੋਟਲੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਮੇਰਾ ਅਪਮਾਨ ਕੀਤਾ ਸੀ ਤੇ ਜਲੰਧਰ ਲੋਕ ਸਭਾ ਹਲਕੇ ਦੇ ਲੋਕ ਸ. ਚਰਨਜੀਤ ਸਿੰਘ ਚੰਨੀ ਨੂੰ ਜਿੱਤਾ ਕੇ ਉਸ ਹੰਕਾਰੀ ਮੁੱਖ ਮੰਤਰੀ ਦਾ ਹੰਕਾਰ ਤੋੜਨਗੇ। ਇਸ ਦੌਰਾਨ ਸਾਬਕਾ ਮੰਤਰੀ ਕਮਲਜੀਤ ਸਿੰਘ ਲਾਲੀ ਨੇ ਕਿਹਾ ਕਿ ਲੋਕਾਂ ਦਾ ਉਤਸ਼ਾਹ ਦੱਸ ਰਿਹਾ ਹੈ ਕਿ ਲੋਕ ਸ. ਚੰਨੀ ਨੂੰ ਮੈਂਬਰ ਪਾਰਲੀਮੈਂਟ ਬਣਾਉਣ ਲਈ ਤਿਆਰ ਬੈਠੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਕੇਂਦਰ ਵਿੱਚ ਵਜ਼ੀਰ ਬਣਨਣੇ ਤੇ ਇਸ ਹਲਕੇ ਦੇ ਲਈ ਵੱਡੇ ਕੰਮ ਕਰਨਗੇ ਇਸ ਕਰਕੇ ਹਲਕੇ ਦੀ ਨੁਹਾਰ ਬਦਲਣ ਲਈ ਜਿਤਾਉਣਾ ਜ਼ਰੂਰੀ ਹੈ। ਇਹਨਾਂ ਮੀਟਿੰਗਾਂ ਦੌਰਾਨ ਸੁਖਵੀਰ ਸਿੰਘ ,ਚਰਨਜੀਤ ਸਿੰਘ,ਅੰਮ੍ਰਿਤਪਾਲ ਸਿੰਘ, ਗਰੀਬ ਦਾਸ, ਲਖਵਿੰਦਰ ਬੰਜਾਰ,ਕੇਵਲ ਸਿੰਘ ਹਜ਼ਾਰਾਂ, ਮਾਸਟਰ ਬਲਦੇਵ ਸਿੰਘ,ਮੱਖਣ ਸਿੰਘ ਸਰਪੰਚ,ਸਰਪੰਚ ਸੁਖਜਿੰਦਰ ਕੌਰ,ਅਸ਼ਵਨ ਭੱਲਾ,ਰਣਦੀਪ ਰਾਣਾ ਪ੍ਰਧਾਨ,ਅੰਮ੍ਰਿਤਪਾਲ ਜੌਲੀ, ਲਖਵੀਰ ਸਿੰਘ ਕੋਟਲੀ, ਅਮਰੀਕ ਚੰਦ ਪਰਸਰਾਮਪੁਰ, ਹਰਪ੍ਰੀਤ ਭੁੱਲਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਤੇ ਵਰਕਰ ਅਤੇ ਲੋਕ ਹਾਜ਼ਰ ਸਨ।