ਜਲੰਧਰ : ਜਲੰਧਰ ਦੇ ਵਿੱਚ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਪਿੰਡ ਜਮਸ਼ੇਰ ਖਾਸ ਸਮੇਤ ਚਾਰ ਪਿੰਡਾਂ ਦੀਆਂ ਗ੍ਰਾਮ ਪੰਚਾਇਤ ਨੇ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਤੇ ਹੋਰ ਪੰਚਾਇਤਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈਆਂ। ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਅਤੇ ਵਿਧਾਇਕ ਪ੍ਰਗਟ ਸਿੰਘ ਦੀ ਅਗਵਾਈ ‘ਚ ਹੋਈ ਮੀਟਿੰਗ ਦੌਰਾਨ ਗ੍ਰਾਮ ਪੰਚਾਇਤ ਖੇੜਾ,ਨਾਨਕ ਪਿੰਡੀ, ਦਿਵਾਲੀ ਅਤੇ ਜਮਸ਼ੇਰ ਖਾਸ ਦੀਆਂ ਪੰਚਾਇਤਾ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਗ੍ਰਾਮ ਪੰਚਾਇਤ ਜਮਸ਼ੇਰ ਖਾਸ ਦੇ ਸਰਪੰਚ ਹਰਿੰਦਰ ਸਿੰਘ ਸਮੇਤ ਪੰਚ ਬਲਜੀਤ ਕੌਰ, ਬਲਜੀਤ ਸਿੰਘ,ਸਤਨਾਮ ਸਿੰਘ,ਹੈਪੀ ਵਾਲੀਆਂ,ਬਲਜੀਤ ਕੌਰ, ਨੀਲਮ ਰਾਣੀ,ਵਿਸ਼ਾਲ ਅਤੇ ਕਸ਼ਮੀਰ ਸਿੰਘ ਕਾਂਗਰਸੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਦ ਕਿ ਗ੍ਰਾਮ ਪੰਚਾਇਤਾਂ ਪਿੰਡ ਖੇੜਾ ਦੇ ਸਰਪੰਚ ਰਾਮ ਕਿਸ਼ਨ, ਗ੍ਰਾਮ ਪੰਚਾਇਤ ਪਿੰਡ ਨਾਨਕ ਪਿੰਡੀ ਦੇ ਸਰਪੰਚ ਕੀਮਤੀ ਲਾਲ, ਦਿਵਾਲੀ ਦੇ ਸਰਪੰਚ ਮਦਨ ਲਾਲ,ਪੰਚ ਗੁਰਮੀਤ ਸਿੰਘ,ਪਲਵਿੰਦਰ ਸਿੰਘ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਇੰਨ੍ਹਾਂ ਨੇ ਸ.ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।ਇਸ ਮੌਕੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਇੰਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ ਤੇ ਕਿਹਾ ਕਿ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਜਿੰਨ੍ਹਾਂ ਨੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਉਹ ਕਾਂਗਰਸ ਦੇ ਹੱਕ ਵਿੱਚ ਨਿੱਤਰਨ ਲਈ ਤਿਆਰ ਬੈਠੀਆਂ ਹਨ। ਸ.ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਚਾਇਤਾਂ ਨਾਲ ਧੋਖਾ ਕੀਤਾ ਹੈ ਤੇ ਢਾਈ ਸਾਲ ‘ਚ ਪੰਚਾਇਤਾਂ ਨੂੰ ਵਿਕਾਸ ਲਈ ਕੋਈ ਗ੍ਰਾਂਟ ਨਹੀਂ ਦਿੱਤੀ ਜਦ ਕਿ ਮਿਲੀਆਂ ਗ੍ਰਾਟਾਂ ਵੀ ਵਾਪਸ ਲੈ ਲਈਆ ਗਈਆ ਜਿਸ ਕਾਰਨ ਪਿੰਡਾਂ ਦੇ ਵਿਕਾਸ ਵਿੱਚ ਖੜੋਤ ਆ ਗਈ ਹੈ। ਉਹਨਾਂ ਕਿਹਾ ਕਿ ਜਲੰਧਰ ਹਲਕੇ ਦੇ ਸਾਰੇ ਪਿੰਡਾਂ ਦਾ ਯੋਜਨਾਬੰਦ ਤਰੀਕੇ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਤੇ ਇੰਨਾਂ ਪੰਚਾਇਤਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੇ ਲੋਕ ਹਾਜ਼ਰ ਸਨ।