ਜਲੰਧਰ : ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲੋਕ ਸਭਾ ਹਲਕੇ ਦੇ ਵਿਕਾਸ ਲਈ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਲੋਕਾਂ ਤੋਂ ਸੁਝਾਅ ਮੰਗੇ ਹਨ।ਸ. ਚਰਨਜੀਤ ਸਿੰਘ ਚੰਨੀ ਵੱਲੋਂ ਡਿਜ਼ੀਟਲ ਲਿੰਕ ਜਾਰੀ ਕੀਤਾ ਗਿਆ ਹੈ ਜਿਸ ਤੇ ਲੋਕਾਂ ਨੂੰ ਸੁਝਾਅ ਦੇਣ ਦੀ ਅਪੀਲ ਕੀਤੀ ਗਈ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਖਰੜ ਤੇ ਫਿਰ ਸ਼੍ਰੀ ਚਮਕੌਰ ਸਾਹਿਬ ਵਿੱਚ ਵਿਕਾਸ ਕਰਕੇ ਦਿਖਾਇਆ ਹੈ ਜਦ ਕਿ ਹੁਣ ਜਲੰਧਰ ਹਲਕੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਨ ਲਈ ਉਹਨਾਂ ਵੱਲੋਂ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ।ਚੰਨੀ ਨੇ ਕਿਹਾ ਕਿ ਇੱਥੋਂ ਦੇ ਲੋਕਾ ਦੀਆਂ ਸਮੱਸਿਆਵਾਂ ਤੇ ਜ਼ਰੂਰਤਾਂ ਨੂੰ ਇਸ ਚੋਣ ਮਨੋਰਥ ਪੱਤਰ ਵਿੱਚ ਖਾਸ ਤਰਜ਼ੀਹ ਦਿੱਤੀ ਜਾਵੇਗੀ ਤੇ ਲੋਕਾਂ ਦੇ ਸੁਝਾਅ ਨਾਲ ਤਿਆਰ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਤੇ ਕੰਮ ਵੀ ਕਰਕੇ ਦਿਖਾਇਆ ਜਾਵੇਗਾ।ਚੰਨੀ ਨੇ ਕਿ ਮੁੱਖ ਮੰਤਰੀ ਰਹਿੰਦਿਆਂ ਉਹਨਾਂ ਵੱਲੋਂ ਜਲੰਧਰ ਲੋਕ ਸਭਾ ਹਲਕੇ ਦੇ ਵੱਖ ਵੱਖ ਹਲਕਿਆਂ ਨੂੰ ਉਹਨਾਂ ਵੱਲੋਂ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਦਿੱਤੀਆਂ ਗਈਆਂ ਤੇ ਹੁਣ ਵੀ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਜਲੰਧਰ ਨੂੰ ਪੰਜਾਬ ਦੀ ਦੂਜੀ ਰਾਜਧਾਨੀ ਬਣਾਉਣ ਉਹਨਾਂ ਦੀ ਪਹਿਲਕਦਮੀ ਰਹੇਗੀ। ਉਹਨਾਂ ਕਿਹਾ ਕਿ ਜਲੰਧਰ ਦੇ ਵਿਕਾਸ ਵਿਚ ਐਨ.ਆਰ.ਆਈ. ਵੀਰਾਂ ਦਾ ਵੀ ਵੱਡਾ ਯੋਗਦਾਨ ਹੈ ਜਿਸਦੇ ਚੱਲਦਿਆਂ ਉਹਨਾਂ ਦੀਆਂ ਸਮੱਸਿਆ ਨੂੰ ਵੀ ਇਸ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ।ਚੰਨੀ ਨੇ ਐਨ.ਆਰ.ਆਈਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੀਆਂ ਸਮੱਸਿਆ ਤੇ ਜਲੰਧਰ ਦੀ ਤਰੱਕੀ ਦੇ ਲਈ ਆਪਣੇ ਸੁਝਾਅ ਜ਼ਰੂਰ ਦੇਣ।