ਜਲੰਧਰ : ਐਸ.ਐਸ.ਪੀ. ਸ. ਹਰਵਿੰਦਰ ਸਿੰਘ ਵਿਰਕ, ਜਲੰਧਰ ਦਿਹਾਤੀ ਨੂੰ ਉਨ੍ਹਾਂ ਦੀ ਸ਼ਾਨਦਾਰ ਅਤੇ ਨਿਸ਼ਠਾਵਾਨ ਸੇਵਾ ਲਈ 9ਵੀਂ ਵਾਰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਦੀ ਪੁਲਿਸ ਵਿਭਾਗ ਵਿੱਚ ਬਿਹਤਰੀਨ ਅਤੇ ਤਨਦੇਹੀ ਸੇਵਾ ਦਾ ਪ੍ਰਮਾਣ ਹੈ।ਪੰਜਾਬ ਪੁਲਿਸ ਵਿੱਚ ਵਧੀਆ ਕਾਰਗੁਜ਼ਾਰੀ ਨਿਭਾਉਣ ਅਤੇ 2016 ਦੇ ਨਾਭਾ ਜੇਲ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਵੀ ਐਸ.ਐਸ.ਪੀ. ਸ. ਹਰਵਿੰਦਰ ਸਿੰਘ ਵਿਰਕ ਨੂੰ ਪਹਿਲਾਂ ਵੀ ਡੀ.ਜੀ.ਪੀ. ਸ਼੍ਰੀ ਗੌਰਵ ਯਾਦਵ ਵੱਲੋਂ 8ਵੀਂ ਵਾਰ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਉਤਕ੍ਰਿਸ਼ਟ ਕਾਰਗੁਜ਼ਾਰੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਡੇਢ ਲੱਖ ਰੁਪਏ ਦੀ ਨਕਦ ਰਾਸ਼ੀ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਸੀ।ਜ਼ਿਕਰਯੋਗ ਹੈ ਕਿ 2016 ਤੋਂ 2024 ਤੱਕ ਨਾਭਾ ਜੇਲ ਬ੍ਰੇਕ ਕੇਸ ਦੀ ਪੈਰਵੀ ਡੀ.ਜੀ.ਪੀ. ਪੰਜਾਬ ਵੱਲੋਂ ਐਸ.ਐਸ.ਪੀ. ਸ. ਹਰਵਿੰਦਰ ਸਿੰਘ ਵਿਰਕ ਨੂੰ ਸੌਂਪੀ ਗਈ ਸੀ। ਉਨ੍ਹਾਂ ਨੇ ਕਈ ਵਾਰ ਹਾਂਗਕਾਂਗ ਦਾ ਦੌਰਾ ਕਰਕੇ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਮੁਲਜ਼ਮ ਰੋਮੀ ਨੂੰ ਸੁਰੱਖਿਅਤ ਢੰਗ ਨਾਲ ਭਾਰਤ ਲਿਆਉਣ ਵਿਚ ਕਾਮਯਾਬੀ ਹਾਸਿਲ ਕੀਤੀ।ਐਸ.ਐਸ.ਪੀ. ਵਿਰਕ ਜਲੰਧਰ ਵਿੱਚ ਡੀ.ਸੀ.ਪੀ. ਇਨਵੈਸਟੀਗੇਸ਼ਨ ਅਤੇ ਏ.ਆਈ.ਜੀ. ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਜਿਲਾ ਤਰਨਤਾਰਨ ਵਿੱਚ ਬਤੌਰ ਐਸ. ਐਸ. ਪੀ. ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਕਈ ਸਨਸਨੀਖੇਜ਼ ਮਾਮਲਿਆਂ ਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਕਾਨੂੰਨ ਦੀ ਗ੍ਰਿਫ਼ਤ ਵਿੱਚ ਲਿਆਦਾ ਹੈ। *ਉਨ੍ਹਾਂ ਦੀ ਤਫਤੀਸ਼ ਵਿੱਚ ਕਾਬਲੀਅਤ, ਦ੍ਰਿੜ ਨਿਸ਼ਠਾ ਅਤੇ ਇਮਾਨਦਾਰੀ ਨੇ ਉਨ੍ਹਾਂ ਨੂੰ ਹਮੇਸ਼ਾ ਇੱਕ ਆਦਰਸ਼ ਅਧਿਕਾਰੀ ਵਜੋਂ ਸਾਬਤ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 26 ਜਨਵਰੀ 2024 ਨੂੰ ਪ੍ਰੈਜ਼ੀਡੈਂਟ ਪੁਲਿਸ ਮੈਡਲ ਅਤੇ 2017 ਵਿੱਚ ਚੀਫ ਮਿਨਿਸਟਰ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।ਇਸ ਸਨਮਾਨ ਲਈ ਸ. ਹਰਵਿੰਦਰ ਸਿੰਘ ਵਿਰਕ ਨੇ ਸ਼੍ਰੀ ਗੋਰਵ ਯਾਦਵ ਡੀ. ਜੀ. ਪੀ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਆਪਣੀ ਡਿਊਟੀ ਲਈ ਇਸੇ ਤਰਾਂ ਸਮਰਪਿਤ ਰਹਾਂਗਾ, ਸਮਾਜ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਉਣ ਲਈ ਆਪਣੇ ਯਤਨ ਜਾਰੀ ਰੱਖਾਂਗਾ।







