ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਪ੍ਰਧਾਨ ਆਰ. ਐਨ. ਸਿੰਘ ਦੀ ਯਾਦ ‘ਚ ਸੈਮੀਨਾਰ

by Sandeep Verma
0 comment
Trident AD

ਜਲੰਧਰ : ਖੇਤੀ ਦਾ ਸੰਕਟ ਬੇਸ਼ੱਕ ਵਿਸ਼ਵ ਵਿਆਪੀ ਹੈ ਤੇ ਕਈ ਵਿਕਸਿਤ ਮੁਲਕਾਂ ਅੰਦਰ ਵੀ ਕਿਸਾਨ ਗੁਰਬਤ ਭਰਿਆ ਜੀਵਨ ਜਿਊਣ ਲਈ ਮਜ਼ਬੂਰ ਹਨ, ਪਰ ਭਾਰਤ ਅੰਦਰ ਖੇਤੀ ਦਾ ਸੰਕਟ ਇਸ ਕਦਰ ਗੰਭੀਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕਾ ਹੈ ਕਿ ਕਰਜ਼ੇ ਹੇਠ ਦੱਬੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ, ਭਾਵੇਂ ਕਿ ਇਹ ਸਹੀ ਹੱਲ ਨਹੀਂ ਹੈ। ਇਸੇ ਤਰ੍ਹਾਂ ਪੰਜਾਬ ਅੰਦਰ ਇਸ ਸਮੇਂ ਜਿੱਥੇ ਧਰਤੀ ਹੇਠਲੇ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ, ਉੱਥੇ ਕਦੇ ਜਰਖੇਜ ਕਹੀ ਜਾਂਦੀ ਪੰਜਾਬ ਦੀ ਜ਼ਮੀਨ ਹੁਣ ਜ਼ਹਿਰੀਲੀ ਹੀ ਨਹੀਂ ਹੋ ਚੁੱਕੀ ਸਗੋਂ ਇਸ ਦੀ ਉਪਜਾਊ ਸ਼ਕਤੀ ਵੀ ਲਗਾਤਾਰ ਖਤਮ ਹੁੰਦੀ ਜਾ ਰਹੀ ਹੈ। ਇਸ ਸਭ ਲਈ ਸਮੇਂ ਦੀਆਂ ਕੇਂਦਰੀ ਤੇ ਰਾਜ ਸਰਕਾਰਾਂ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ ਹਨ। ਜੇਕਰ ਸਮਾਂ ਰਹਿੰਦੇ ਖੇਤੀ ਸੰਕਟ ਦੇ ਹੱਲ ਲਈ ਸੰਜੀਦਾ ਯਤਨ ਨਾ ਕੀਤੇ ਗਏ ਤਾਂ ਖੁਰਾਕ ਸੁਰੱਖਿਆ ਦੇ ਨਾਲ-ਨਾਲ ਕਿਸਾਨੀ ਦੀ ਹੋਂਦ ਹੀ ਖਤਰੇ ‘ਚ ਜਾ ਪਵੇਗੀ। ਇਹ ਵਿਚਾਰ ਖੇਤੀ ਆਰਥਿਕਤਾ ਦੇ ਉੱਘੇ ਮਾਹਿਰ ਸ੍ਰੀ ਦਵਿੰਦਰ ਸ਼ਰਮਾ ਤੇ ਹੋਰਨਾਂ ਬੁੱਧੀਜੀਵੀਆ ਨੇ ਅੱਜ ਇੱਥੇ ਪੰਜਾਬ ਪ੍ਰੈੱਸ ਕਲੱਬ ਵਿਖੇ ਕਲੱਬ ਦੇ ਬਾਨੀ ਪ੍ਰਧਾਨ ਆਰ. ਐਨ. ਸਿੰਘ ਦੀ ਯਾਦ ‘ਚ ‘ਪੰਜਾਬ ਦੀ ਖੇਤੀ-ਸਮੱਸਿਆੱਵਾਂ ਤੇ ਸੰਭਾਵਨਾਵਾਂ’ ਵਿਸ਼ੇ ‘ਤੇ ਕਰਵਾਏ ਗਏ ਇਕ ਸੈਮੀਨਾਰ ਦੌਰਾਨ ਪ੍ਰਗਟ ਕੀਤੇ। ਡਾ. ਦਵਿੰਦਰ ਸ਼ਰਮਾ ਨੇ ਕਿਹਾ ਕਿ ਖੇਤੀ ਸੰਕਟ ਦੇ ਹੱਲ ਲਈ ਵਿਆਪਕ ਯੋਜਨਾਬੰਦੀ ਦੀ ਲੋੜ ਹੈ। ਉਨ੍ਹਾਂ ਇਤਿਹਾਸਿਕ ਤੱਥਾਂ ਤੇ ਅੰਕੜਿਆਂ ਦੇ ਹਵਾਲੇ ਨਾਲ ਸੂਬੇ ਦੇ ਖੇਤੀ ਸੰਕਟ ਅਤੇ ਲਗਾਤਾਰ ਨਿਘਰਦੀ ਜਾ ਰਹੀ ਆਰਥਿਕ ਹਾਲਤ ਸਬੰਧੀ ਹੈਰਾਨੀਜਨਕ ਤੇ ਅੱਖਾਂ ਖੋਲ੍ਹਣ ਵਾਲੇ ਖੁਲਾਸੇ ਕਰਦੇ ਹੋਏ ਕਿਹਾ ਕਿ ਖੇਤੀ ਸੰਕਟ ਦਾ ਮੁੱਢ ਸੂਬੇ ‘ਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਨਾਲ ਬੱਝਾ ਤੇ ਉਸ ਸਮੇਂ ਜਿਸ ਤਰ੍ਹਾਂ ਪੈਦਾਵਾਰ ਵਧਾਉਣ ਲਈ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਗਈ, ਉਸ ਨਾਲ ਨਾ ਕੇਵਲ ਵਾਤਾਵਰਣ ਸਬੰਧੀ ਵੱਡੀਆਂ ਸਮੱਸਿਆਵਾਂ ਪੈਦਾ ਹੋਈਆਂ ਸਗੋਂ ਸੂਬੇ ਅੰਦਰ ਪਾਣੀ ਦਾ ਵੀ ਵੱਡਾ ਸੰਕਟ ਪੈਦਾ ਹੋ ਗਿਆ। ਉਸ ਤੋਂ ਵੀ ਅੱਗੇ ਸਾਲ 1991 ‘ਚ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਨਾਲ ਖੇਤੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਤੇ ਕਿਸਾਨੀ ਦਾ ਵੱਡਾ ਹਿੱਸਾ ਕਰਜ਼ੇ ਥੱਲੇ ਦੱਬਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਦੇ 17 ਜ਼ਿਲ੍ਹਿਆਂ ‘ਚ ਕਿਸਾਨਾਂ ਦੀ ਸਾਲਾਨਾ ਆਮਦਨ 20 ਹਜ਼ਾਰ ਰੁਪਏ ਤੋਂ ਵੀ ਘੱਟ ਹੈ, ਜਿਸ ਤੋਂ ਸਾਫ ਹੈ ਕਿ ਅੱਧੇ ਮੁਲਕ ਦੇ ਕਿਸਾਨ 1700 ਰੁਪਏ ਪ੍ਰਤੀ ਮਹੀਨੇ ‘ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਦੀ ਇਕ ਰਿਪੋਰਟ ਮੁਤਾਬਿਕ ਦੇਸ਼ ਦੇ 91 ਫੀਸਦੀ ਲੋਕ 280 ਰੁਪਏ ਤੋਂ ਵੀ ਘੱਟ ਆਮਦਨੀ ‘ਚ ਗੁਜ਼ਾਰਾ ਕਰ ਰਹੇ ਹਨ। ਪੰਜਾਬ ‘ਚ ਤਾਂ ਕਿਸਾਨਾਂ ਦੀ ਆਮਦਨ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਤੋਂ ਵੀ ਘੱਟ ਹੈ। ਇਸ ਮੌਕੇ ਉਨ੍ਹਾਂ ਆਂਧਰਾ ਪ੍ਰਦੇਸ਼ ਦੇ ਖੇਤੀ ਮਾਡਲ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ ਉਸ ਤੋਂ ਸੇਧ ਲੈ ਕੇ ਕੁਦਰਤੀ ਖੇਤੀ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਦਵਿੰਦਰ ਸ਼ਰਮਾ ਨੇ ਖੇਤੀ ਦੇ ਸੰਕਟ ਲਈ ਕਿਸਾਨਾਂ ਦੀ ਆਮਦਨ ‘ਚ ਲਗਾਤਾਰ ਆਈ ਗਿਰਾਵਟ ਸਬੰਧੀ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਸਾਲ 1970 ‘ਚ ਜਦੋਂ ਕਿਸਾਨ ਦੀ ਆਮਦਨ 76 ਰੁਪਏ ਪ੍ਰਤੀ ਕੁਇੰਟਲ ਹੋਇਆ ਕਰਦੀ ਸੀ, ਉਸ ਸਮੇਂ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵੀ 90 ਕੁ ਰੁਪਏ ਮਹੀਨੇ ਦੇ ਕਰੀਬ ਸੀ ਪਰ ਸਾਲ 2015 ਤੱਕ ਪਹੁੰਚਦੇ-ਪਹੁੰਚਦੇ ਹੋਏ ਸਰਕਾਰੀ ਮੁਲਾਜ਼ਮਾਂ ਤੇ ਹੋਰਨਾਂ ਵਰਗਾਂ ਦੇ ਲੋਕਾਂ ਦੀ ਆਮਦਨ ‘ਚ ਤਾਂ 300 ਗੁਣਾ ਤੱਕ ਵਾਧਾ ਹੋਇਆ ਪਰ ਕਿਸਾਨਾਂ ਦੀ ਆਮਦਨ ਉਸ ਦਰ ਨਾਲ ਨਹੀਂ ਵਧੀ, ਜਿਸ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਲਗਾਤਾਰ ਨਿਘਰਦੀ ਗਈ। ਉਨ੍ਹਾਂ ਕਿਹਾ ਕਿ ਅੱਜ ਪੈੱਨ ਤੋਂ ਲੈ ਕੇ ਕਾਰ ਤੇ ਹਵਾਈ ਜ਼ਹਾਜ ਤੱਕ ਹਰ ਚੀਜ਼ ਦੀ ਕੀਮਤ ਤੈਅ ਹੁੰਦੀ ਹੈ ਪਰ ਕਿਸਾਨਾਂ ਦੀ ਉਪਜ ਦੀ ਕੋਈ ਪੱਕੀ ਕੀਮਤ ਨਹੀਂ ਹੁੰਦੀ ਤੇ ਉਸ ਨੂੰ ਬਾਜ਼ਾਰ ਦੇ ਭਰੋਸੇ ‘ਤੇ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰਾਂ ਕਿਸਾਨਾਂ ਲਈ ਪੱਕੀ ਆਮਦਨ ਦਾ ਪ੍ਰਬੰਧ ਨਹੀਂ ਕਰਦੀਆਂ ਤਦ ਤੱਕ ਆਮਦਨ ਦੁੱਗਣੀ ਕਰਨ ਦੇ ਵਾਅਦੇ ਤੇ ਦਾਅਵੇ ਪੂਰੀ ਤਰ੍ਹਾਂ ਨਾਲ ਖੋਖਲੇ ਹਨ। ਇਸ ਮੌਕੇ ਡਾ. ਦਵਿੰਦਰ ਸ਼ਰਮਾ ਨੇ ਇਕ ਹੋਰ ਹੈਰਾਨੀਜਨਕ ਖੁਲਾਸਾ ਕਰਦੇ ਹੋਏ ਕਿਹਾ ਕਿ ਕੋਲੰਬੀਆ ਦੀ ਇਕ ਯੂਨੀਵਰਸਿਟੀ ਵਲੋਂ ਕੀਤੇ ਗਏ ਸਰਵੇ ਤੋਂ ਇਹ ਗੱਲ ਵੀ ਸਾਫ ਹੋ ਗਈ ਹੈ ਕਿ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਬਾਹਰ ਕੱਢਣ ਨਾਲ ਵੀ ਸੂਬੇ ‘ਚ ਪੈਦਾ ਹੋਇਆ ਪਾਣੀ ਦਾ ਸੰਕਟ ਛੇਤੀ ਕੀਤੇ ਹੱਲ ਨਹੀਂ ਹੋ ਸਕਦਾ। ਅਜਿਹੇ ‘ਚ ਖੇਤੀ ਸੰਕਟ ਦੇ ਹੱਲ ਲਈ ਹੋਰ ਵੀ ਗੰਭੀਰਤਾ ਨਾਲ ਸੋਚਣ ਤੇ ਯੋਜਨਾਬੰਦੀ ਨਾਲ ਕੰਮ ਕਰਨ ਦੀ ਲੋੜ ਹੈ।IMG 20240125 WA0988 ਉਨ੍ਹਾਂ ਇਸ ਗੱਲ ‘ਤੇ ਵੀ ਸਵਾਲ ਉਠਾਇਆ ਕਿ ਇਕ ਪਾਸੇ ਤਾਂ ਸਰਕਾਰ ਕਿਸਾਨਾਂ ਨੂੰ ਝੋਨਾ ਨਾ ਲਾਉਣ ਦੀ ਸਲਾਹ ਦੇ ਰਹੀ ਹੈ ਤੇ ਦੂਸਰੇ ਪਾਸੇ ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਸਬਸਿਡੀ ‘ਤੇ ਮਸ਼ੀਨਾ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਇਸ ਪਿੱਛੇ ਵੀ ਕਾਰਪੋਰੇਟ ਅਦਾਰਿਆਂ ਦੀ ਵੱਡੀ ਸਾਜਿਸ਼ ਦੱਸਦੇ ਹੋਏ ਕਿਹਾ ਕਿ ਸਰਕਾਰਾਂ ਵੀ ਇਨ੍ਹਾਂ ਮਸਲਿਆਂ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਇਸ ਮੌਕੇ ਉੱਘੇ ਕਹਾਣੀਕਾਰ ਪ੍ਰੋ. ਵਰਿਆਮ ਸਿੰਘ ਸੰਧੂ ਨੇ ਵੀ ਮੌਜੂਦਾ ਖੇਤੀ ਸੰਕਟ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅੱਜ ਤੋਂ ਕਈ ਦਹਾਕੇ ਪਹਿਲਾਂ ਹੀ ਆਪਣੀਆਂ ਕਹਾਣੀਆਂ ‘ਚ ਕਰਜ਼ੇ ‘ਚ ਡੁੱਬੀ ਪੰਜਾਬ ਦੀ ਕਿਸਾਨੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਸੀ। ਡਾ. ਕਮਲੇਸ਼ ਸਿੰਘ ਦੁੱਗਲ ਨੇ ਪ੍ਰੈੱਸ ਕਲੱਬ ਵਲੋਂ ਇਸ ਗੰਭੀਰ ਮਸਲੇ ‘ਤੇ ਚਰਚਾ ਕਰਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਜਾਰੀ ਰੱਖਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਉੱਘੇ ਪੱਤਰਕਾਰ ਤੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਡਾ. ਦਵਿੰਦਰ ਸ਼ਰਮਾ ਤੇ ਹੋਰਨਾਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਸਵਾਗਤ ਕਰਦਿਆਂ ਸੂਬੇ ਦੇ ਖੇਤੀ ਸੰਕਟ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਕਲੱਬ ਦੇ ਮੈਂਬਰਾਂ ਦੇ ਨਾਲ ਆਰ. ਐਨ. ਸਿੰਘ ਦੇ ਬੁੱਤ ‘ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਚਾਨਾ, ਰਾਕੇਸ਼ ਸ਼ਾਂਤੀਦੂਤ, ਆਤਮ ਪ੍ਰਕਾਸ਼ ਸਿੰਘ ਬਬਲੂ, ਪ੍ਰੋ. ਗੋਪਾਲ ਸਿੰਘ ਬੁੱਟਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਾਬਕਾ ਸਕੱਤਰ ਗੁਰਮੀਤ ਸਿੰਘ, ਸਰਦਾਰ ਜਸਬੀਰ ਸਿੰਘ ਸੇਵਾ ਮੁਕਤ ਪੀਸੀਐਸ ਸੀਨੀਅਰ ਪੱਤਰਕਾਰ ਆਈ. ਪੀ. ਸਿੰਘ, ਪਾਲ ਸਿੰਘ ਨੌਲੀ, ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਤੇ ਕਲੱਬ ਦੇ ਮੈਨੇਜਰ ਜਤਿੰਦਰਪਾਲ ਸਿੰਘ ,ਸਵਦੇਸ਼ ਨਨਚਲ, ਸੰਦੀਪ ਵਰਮਾ, ਜਗਰੂ, ਹੈਪੀ ਚਾਚਾ, ਰਾਜੂ ਗੁਪਤਾ, ਆਦਿ ਵੀ ਮੌਜੂਦ ਸਨ। ਇਸ ਮੌਕੇ ਮੰਚ ਦਾ ਸੰਚਾਲਨ ਕਲੱਬ ਦੇ ਸਕੱਤਰ ਮੇਹਰ ਮਲਿਕ ਵਲੋਂ ਬਾਖੂਬੀ ਕੀਤਾ ਗਿਆ।

Trident AD
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786